ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਦਿਨ ਚੜ੍ਹਦੇ ਸਾਰ ਹੀ ਮੋਗਾ ਦੀ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਵਿਚ ਰੇਡ ਕੀਤੀ। ਸਿਵਲ ਸਰਜਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਸ਼ਹਿਰ ਦੇ ਲਕਸ਼ਮੀ ਪਤੀਸਾ ਫੈਕਟਰੀ ਗਲੀ ਨੰਬਰ 20 ਬੇਦੀ ਨਗਰ ਵਿਚ ਰਾਤ ਨੂੰ ਖਾਣ ਪੀਣ ਵਾਲਾ ਇਤਰਾਜ਼ਯੋਗ ਸਮਾਨ ਆਇਆ ਹੈ। ਜਿਸ ’ਤੇ ਤੁਰੰਤ ਐਕਸ਼ਨ ਵਿਚ ਆ ਕੇ ਉਹ ਖੁਦ ਮੌਕੇ ’ਤੇ ਪਹੁੰਚੇ ਅਤੇ ਫ਼ਿਰ ਫੂਡ ਐਂਡ ਸੈਂਪਲਿੰਗ ਟੀਮ ਨੂੰ ਬੁਲਾਇਆ ਗਿਆ ਅਤੇ ਸ਼ੱਕੀ ਪਤੀਸੇ ਅਤੇ ਮਿਲਕ ਕੇਕ ਦੇ ਸੈਂਪਲ ਭਰੇ ਗਏ।
ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਨੇ 1352 ਕਿੱਲੋ ਸ਼ੱਕੀ ਮਿਲਕ ਕੇਕ ਸੀਜ਼ ਕੀਤਾ ਹੈ ਜਦਕਿ 255 ਕਿੱਲੋ ਖੋਇਆ ਬਰਫੀ, ਪਤੀਸੇ ਸਮੇਤ ਚਾਰ ਸੈਂਪਲ ਲਏ ਗਏ ਹਨ। ਕੁੱਲ 1647 ਕਿੱਲੋ ਖਾਣ ਪੀਣ ਵਾਲਾ ਸ਼ੱਕੀ ਵਸਤੂਆਂ ਸੀਜ਼ ਕੀਤੀਆਂ ਗਈਆਂ ਹਨ। ਇਸ ਮੌਕੇ ਸਿਵਲ ਸਰਜਨ ਰਾਜੇਸ਼ ਅੱਤਰੀ ਨੇ ਕਿਹਾ ਕਿ ਲੋਕਾ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।