ਜਲੰਧਰ : ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਅਤੇ ਵਧੇਰੇ ਦੁਕਾਨਦਾਰ ਤੇ ਕਾਰੋਬਾਰੀ ਇਸ ਸੀਜ਼ਨ ਵਿਚ ਰੁੱਝੇ ਹੋਏ ਹਨ, ਉਥੇ ਹੀ ਜਲੰਧਰ ਵਿਚ ਇਸ ਫੈਸਟੀਵਲ ਸੀਜ਼ਨ ਦੌਰਾਨ ਪੁਲਸ ਪ੍ਰਸ਼ਾਸਨ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਦੌਰਾਨ ਸ਼ਹਿਰ ਦੇ ਕਈ ਸਪਾ ਸੈਂਟਰਾਂ ਨੇ ਗੰਦੇ ਧੰਦੇ ਦਾ ਕੰਮ ਫਿਰ ਤੋਂ ਤੇਜ਼ ਕਰ ਦਿੱਤਾ ਹੈ। ਪਿਛਲੇ ਦਿਨੀਂ ਇਸ ਸਬੰਧ ਵਿਚ ‘ਵਰਿਸ਼ਠ ਅਖਬਾਰ ’ ਵੱਲੋਂ ਪ੍ਰਮੁੱਖਤਾ ਨਾਲ ਖ਼ਬਰਾਂ ਛਾਪੀਆਂ ਗਈਆਂ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਅਤੇ ਕਈ ਸੈਂਟਰਾਂ ’ਤੇ ਤਾਲਾ ਲੱਗ ਗਿਆ।
ਗਾਹਕਾਂ ਨੂੰ ਦਿੱਤੀ ਜਾਂਦੀ ਹੈ ਹਾਫ ਤੋਂ ਲੈ ਕੇ ‘ਫੁੱਲ ਸੇਵਾ’
ਪੁਲਸ ਦੇ ਰੁਝੇਵੇਂ ਨੂੰ ਦੇਖਦਿਆਂ ਕੁਝ ਸਪਾ ਸੈਂਟਰਾਂ ਨੇ ਫਿਰ ਤੋਂ ਧੰਦਾ ਤੇਜ਼ ਕਰ ਦਿੱਤਾ ਹੈ। ਜਲੰਧਰ ਦੇ ਪ੍ਰਮੁੱਖ ਐੱਮ. ਬੀ. ਡੀ. ਮਾਲ ਦੇ ਅੰਦਰ ਸਪਾ ਸੈਂਟਰ ’ਤੇ ਤਾਂ ਇਹ ਕੰਮ ਕਈ ਗੁਣਾ ਤੇਜ਼ੀ ਨਾਲ ਵਧ ਗਿਆ ਹੈ। ਜਾਣਕਾਰੀ ਅਨੁਸਾਰ ਐੱਮ. ਬੀ. ਡੀ. ਮਾਲ ਦੀ ਦੂਜੀ ਮੰਜ਼ਿਲ ’ਤੇ ਹਾਲ ਹੀ ਵਿਚ ਸਪਾ ਸੈਂਟਰ ਦਾ ਕੰਮ ਨਵੀਂ ਮਾਲਕਣ ਨੇ ਸੰਭਾਲਿਆ ਹੈ। ਇਸ ਸਪਾ ਸੈਂਟਰ ਵਿਚ ਮਸਾਜ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਸਪਾ ਸੈਂਟਰ ਵਿਚ 3 ਤੋਂ 4 ਕਮਰੇ ਹਨ, ਜਿਥੇ ਗਾਹਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਹ ਗਾਹਕ ’ਤੇ ਨਿਰਭਰ ਹੈ ਕਿ ਉਸਨੇ ਹਾਫ ਸੇਵਾ ਲੈਣੀ ਹੈ ਜਾਂ ‘ਫੁੱਲ ਸੇਵਾ’। ‘ਵਰਿਸ਼ਠ ਅਖਬਾਰ ’ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ, ਜਿਸ ਵਿਚ ਸੈਂਟਰ ਦੇ ਪ੍ਰਬੰਧਕ ਸਾਫ ਤੌਰ ’ਤੇ ਇਸ ਗੰਦੇ ਧੰਦੇ ਵਿਚ ਸ਼ਾਮਲ ਦੇਖੇ ਜਾ ਸਕਦੇ ਹਨ।