Home latest News ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ

ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ

110
0

ਪੰਜਾਬ ਸਰਕਾਰ 7 ਜਨਵਰੀ, 2024 ਨੂੰ ਨਗਰ ਨਿਗਮ ਚੋਣਾਂ ਕਰਵਾ ਸਕਦੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਵੀ ਆਪਣੀਆਂ ਤਿਆਰੀਆਂ ਕਰ ਰਹੀ ਹੈ। ਨਿਗਮ ਚੋਣਾਂ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ। ਲੋਕਲ ਬਾਡੀਜ਼ ਵਿਭਾਗ ਨੇ ਨਿਗਮ ਚੋਣਾਂ ਕਰਵਾਉਣ ਸਬੰਧੀ 2-3 ਵਾਰ ਨੋਟੀਫਿਕੇਸ਼ਨ ਜਾਰੀ ਕਰ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਭੇਜਿਆ ਸੀ ਪਰ ਬਾਅਦ ਵਿਚ ਚੋਣਾਂ ਮੁੜ ਮੁਲਤਵੀ ਕਰ ਦਿੱਤੀਆਂ ਗਈਆਂ। ਇਸ ਦਾ ਇਕ ਕਾਰਨ ਇਹ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਹੋਰਨਾਂ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵੱਲ ਸੀ। ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣੇ ਹਨ, ਇਸ ਲਈ ਨਿਗਮ ਚੋਣਾਂ ਜਨਵਰੀ ਵਿਚ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਦੀ ਹੁਣੇ ਜਿਹੇ ਹੀ ਚੰਡੀਗੜ੍ਹ ਵਿਚ ਇਕ ਮੀਟਿੰਗ ਹੋਈ ਸੀ, ਜਿਸ ਵਿਚ ਸੰਸਦ ਮੈਂਬਰ ਡਾ. ਸੰਦੀਪ ਪਾਠਕ ਨੇ ਸ਼ਿਰਕਤ ਕੀਤੀ ਸੀ। ਇਸ ਮੀਟਿੰਗ ਵਿਚ ਵੀ ਪਾਰਟੀ ਆਗੂਆਂ ਨੂੰ ਇਹੀ ਸੰਕੇਤ ਦਿੱਤਾ ਗਿਆ ਸੀ ਕਿ ਉਹ ਜਨਵਰੀ ਵਿਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਤਿਆਰ ਰਹਿਣ। ਸਰਕਾਰੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ‘ਆਪ’ ਸਰਕਾਰ 7 ਜਨਵਰੀ ਦਿਨ ਐਤਵਾਰ ਨੂੰ ਨਿਗਮ ਚੋਣਾਂ ਕਰਵਾਉਣ ਲਈ ਪੂਰੀ ਤਿਆਰੀ ਕਰ ਰਹੀ ਹੈ। ਜੇ 3 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਿਕਲਣ ਵਾਲੇ ਨਤੀਜੇ ਆਮ ਆਦਮੀ ਪਾਰਟੀ ਲਈ ਅਨੁਕੂਲ ਰਹੇ ਤਾਂ ਉਸ ਹਾਲਤ ਵਿੱਚ ਨਿਗਮ ਚੋਣਾਂ 7 ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਸੋਚ ਇਹ ਵੀ ਹੈ ਕਿ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਹੀ ਲੋਕ ਸਭਾ ਦੀਆਂ ਚੋਣਾਂ ਲਈ ਮੈਦਾਨ ਵਿਚ ਉਤਰਿਆ ਜਾਏ। ਇਸ ਨਾਲ ਆਮ ਆਦਮੀ ਪਾਰਟੀ ਨੂੰ ਮਨੋਵਿਗਿਆਨਕ ਪੱਖੋਂ ਹੱਲਾਸ਼ੇਰੀ ਮਿਲੇਗੀ।

ਲੋਕ ਸਭਾ ਦੀਆਂ ਆਮ ਚੋਣਾਂ ਅਪ੍ਰੈਲ ਦੇ ਸ਼ੁਰੂ ਵਿਚ ਹੋਣਗੀਆਂ। ਤਰੀਕਾਂ ਦਾ ਐਲਾਨ ਮੁੱਖ ਚੋਣ ਕਮਿਸ਼ਨ ਵੱਲੋਂ ਮਾਰਚ ਮਹੀਨੇ ਵਿੱਚ ਕੀਤਾ ਜਾਵੇਗਾ। ਇਸ ਲਈ ਆਮ ਆਦਮੀ ਪਾਰਟੀ ਨੂੰ ਨਿਗਮ ਚੋਣਾਂ ਲਈ ਜਨਵਰੀ ਦਾ ਮਹੀਨਾ ਢੁਕਵਾਂ ਲੱਗ ਰਿਹਾ ਹੈ। ਫਿਲਹਾਲ ਸਰਕਾਰ ਨੇ ਨਿਗਮਾਂ ਦੀ ਕਮਾਨ ਕਮਿਸ਼ਨਰਾਂ ਨੂੰ ਸੌਂਪ ਦਿੱਤੀ ਹੈ। ਸ਼ਹਿਰਾਂ ਵਿੱਚ ਸੜਕਾਂ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅਗਲੇ ਇੱਕ ਮਹੀਨੇ ਵਿਚ ਇਨ੍ਹਾਂ ਕੰਮਾਂ ਵਿਚ ਰਫ਼ਤਾਰ ਆ ਸਕਦੀ ਹੈ। ਪੰਜਾਬ ’ਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਹਨ। ਇਹ ਚੋਣਾਂ ਨਾ ਸਿਰਫ਼ ਆਮ ਆਦਮੀ ਪਾਰਟੀ ਸਗੋਂ ਵਿਰੋਧੀ ਪਾਰਟੀਆਂ ਲਈ ਵੀ ਵੱਕਾਰ ਦਾ ਸਵਾਲ ਹੋਣਗੀਆਂ।

Previous articleਭਾਰਤ ਦੀ ਸਖ਼ਤੀ ਤੋਂ ਬਾਅਦ ਖ਼ਾਲਿਸਤਾਨੀ ਪੰਨੂ ਦੀ ਧਮਕੀ ‘ਤੇ ਐਕਸ਼ਨ ‘ਚ ਕੈਨੇਡਾ, ਚੁੱਕਿਆ ਇਹ ਕਦਮ
Next article485 ਰੁਪਏ ‘ਚ ਜਾਓ ਦਿੱਲੀ ਏਅਰਪੋਰਟ

LEAVE A REPLY

Please enter your comment!
Please enter your name here