ਵਿਦੇਸ਼ ’ਚ ਰਹਿੰਦੇ ਜਸਪ੍ਰੀਤ ਸਿੰਘ ਜੱਸਾ ਵਾਸੀ ਪਿੰਡ ਮੋਹਨੇਵਾਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਖ਼ਤਰਨਾਕ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਹੈਪੋਵਾਲ ਥਾਣਾ ਸਦਰ ਬੰਗਾ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਨੂੰ ਫਿਰੌਤੀ ਦੇ ਕੇ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਭੋਜੋਵਾਲ ਦੀ ਰਹਿਣ ਵਾਲੀ ਆਪਣੀ ਸੱਸ ਰਣਜੀਤ ਕੌਰ ਤੇ ਪਤਨੀ ਗੁਰਪ੍ਰੀਤ ਕੌਰ ਦਾ ਕਤਲ ਕਰਵਾਇਆ ਸੀ। ਜੱਸਾ ਹੈਪੋਵਾਲ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ’ਤੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ।
ਇੱਥੇ ਆਉਣ ਤੋਂ ਪਹਿਲਾਂ ਦੋਵਾਂ ਨੇ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਵੀ ਮੱਥਾ ਟੇਕਿਆ ਸੀ, ਜਿਸ ਦੀ ਪੁਸ਼ਟੀ ਗੁ. ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਹੋਈ ਸੀ। ਜੱਸਾ ਹੈਪੋਵਾਲ ਨੇ ਜਸਪ੍ਰੀਤ ਸਿੰਘ ਜੱਸਾ ਦੀ ਸੱਸ ਤੇ ਪਤਨੀ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਫਰਾਰ ਹੁੰਦੇ ਸਮੇਂ ਸੱਸਨ ਰਣਜੀਤ ਕੌਰ ਦੀ ਲਾਸ਼ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਦੋਵਾਂ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਬਜ਼ੁਰਗ ਜਗਤਾਰ ਸਿੰਘ ਤੇ ਮਾਸੂਮ ਬੱਚੀ ਸਾਂਝਪ੍ਰੀਤ ਰਹਿ ਗਏ ਹਨ। ਵਾਰਦਾਤ ਸਮੇਂ ਇਹ ਦੋਵੇਂ ਘਰ ’ਚ ਮੌਜੂਦ ਨਹੀਂ ਸਨ।
17 ਅਕਤੂਬਰ ਨੂੰ ਦਿਨ-ਦਿਹਾੜੇ ਵਾਪਰੀ ਇਸ ਘਟਨਾ ਸਬੰਧੀ ਪਤਾਰਾ ਥਾਣੇ ਦੀ ਪੁਲਸ ਨੇ ਮ੍ਰਿਤਕਾ ਰਣਜੀਤ ਕੌਰ ਦੇ ਪਤੀ ਤੇ ਗੁਰਪ੍ਰੀਤ ਕੌਰ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ’ਤੇ ਪਤਾਰਾ ਥਾਣੇ ’ਚ ਜੱਸਾ ਹੈਪੋਵਾਲ ਤੇ ਉਸ ਦੇ ਸਾਥੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 302, 210-ਬੀ, 201 ਤੇ 25/54/59 ਅਸਲਾ ਐਕਟ ਤਹਿਤ 59 ਨੰ. ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ਐੱਫ. ਆਈ. ਆਰ. ’ਚ ਅਮਰੀਕਾ ਰਹਿੰਦੇ ਜਸਪ੍ਰੀਤ ਸਿੰਘ ਜੱਸਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਤਫਤੀਸ਼ ਕਰਨ ’ਤੇ ਸਾਹਮਣੇ ਆਇਆ ਕਿ ਕਰਨਜੀਤ ਜੱਸਾ ਬਹੁਤ ਹੀ ਖ਼ਤਰਨਾਕ ਗੈਂਗਸਟਰ ਹੈ, ਜੋ ਫਿਰੌਤੀ ਲੈ ਕੇ ਕਤਲ ਵਰਗੇ ਵੱਡੇ ਅਪਰਾਧ ਕਰਨ ਦਾ ਆਦੀ ਹੈ। ਉਸ ਖ਼ਿਲਾਫ਼ ਬੰਗਾ ਥਾਣੇ ਸਮੇਤ ਕਈ ਥਾਣਿਆਂ ’ਚ ਅਪਰਾਧਿਕ ਮਾਮਲੇ ਦਰਜ ਹਨ।