Home Desh ਲੋਕ ਸਭਾ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ

ਲੋਕ ਸਭਾ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ

86
0

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਸਾਰੇ ਸੰਭਾਵਤ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਆਪਣੇ ਪੱਧਰ ’ਤੇ ਸ਼ੁਰੂ ਕੀਤੀ ਹੋਈ ਹੈ ਅਤੇ ਉਹ ਵੱਖ-ਵੱਖ ਸਾਧਨਾਂ ਤੋਂ ਰਿਪੋਰਟਾਂ ਲੈ ਰਹੇ ਹਨ ਕਿ ਕਿਸ ਸੀਟ ’ਤੇ ਕਿਹੜਾ ਉਮੀਦਵਾਰ ਮਜ਼ਬੂਤ ਹੋ ਸਕਦਾ ਹੈ।

ਲੋਕ ਸਭਾ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਹਨ ਅਤੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਮਾਰਚ ਵਿਚ ਲੋਕ ਸਭਾ ਦੀਆਂ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਮੰਤਰੀ ਆਪਣੇ ਪੱਧਰ ’ਤੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ’ਤੇ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਾਉਣ ’ਚ ਜੁਟੇ ਹੋਏ ਹਨ। ਹੁਣ ਕਿਉਂਕਿ ਮੁੱਖ ਮੰਤਰੀ ਅਧੀਨ ਸਾਰੀਆਂ ਸਰਕਾਰੀ ਏਜੰਸੀਆਂ ਵੀ ਹਨ, ਇਸ ਲਈ ਉਹ ਇੰਟੈਲੀਜੈਂਸ ਵਿਭਾਗ ਨਾਲ ਵੀ ਮਜ਼ਬੂਤ ਉਮੀਦਵਾਰਾਂ ਸਬੰਧੀ ਸਲਾਹ-ਮਸ਼ਵਰਾ ਕਰਨਗੇ।

ਆਮ ਆਦਮੀ ਪਾਰਟੀ ਆਮ ਤੌਰ ’ਤੇ ਉਮੀਦਵਾਰਾਂ ਦੀ ਚੋਣ ਕਰਨ ਤੋਂ ਪਹਿਲਾਂ ਸਰਵੇ ਕਰਵਾਉਂਦੀ ਹੈ ਅਤੇ ਸਰਵੇ ਵਿਚ ਜਿਹੜਾ ਉਮੀਦਵਾਰ ਪਾਸ ਹੁੰਦਾ ਹੈ, ਉਸ ਨੂੰ ਟਿਕਟ ਦਿੱਤੀ ਜਾਂਦੀ ਹੈ। ਕਾਂਗਰਸ ਨਾਲ ਗਠਜੋੜ ਸਬੰਧੀ ਅਜੇ ਤਸਵੀਰ ਸਪਸ਼ਟ ਨਹੀਂ ਹੋ ਰਹੀ। ਕਾਂਗਰਸ ਲੀਡਰਸ਼ਿਪ ਵੱਲੋਂ ਅਜੇ ਤਕ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਗਠਜੋੜ ਸਬੰਧੀ ਕੋਈ ਵੀ ਸਪਸ਼ਟ ਸੁਨੇਹਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੇ ਗਠਜੋੜ ਬਾਰੇ ਰਸਮੀ ਤੌਰ ’ਤੇ ਕੋਈ ਗੱਲਬਾਤ ਜਾਂ ਬੈਠਕ ਸ਼ੁਰੂ ਹੋਈ ਹੈ। ਇਸੇ ਲਈ ਮੁੱਖ ਮੰਤਰੀ ਇਹੀ ਯਤਨ ਕਰ ਰਹੇ ਹਨ ਕਿ ਪਾਰਟੀ ਨੂੰ ਫਿਲਹਾਲ ਆਪਣਾ ਪੂਰਾ ਧਿਆਨ ਸਾਰੀਆਂ 13 ਸੀਟਾਂ ਵੱਲ ਲਾਉਣਾ ਚਾਹੀਦਾ ਹੈ। ਆਉਣ ਵਾਲੇ 2 ਮਹੀਨਿਆਂ ’ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਦੌਰੇ ਕੀਤੇ ਜਾਣਗੇ। ‘ਆਪ’ ਨੇਤਾਵਾਂ ਦਾ ਮੰਨਣਾ ਹੈ ਕਿ ਸ਼ਹਿਰੀ ਖੇਤਰਾਂ ’ਚ ਕੇਜਰੀਵਾਲ ਦੇ ਦੌਰਿਆਂ ਨਾਲ ਸ਼ਹਿਰੀਆਂ ਦੀਆਂ ਵੋਟਾਂ ਨੂੰ ਪਾਰਟੀ ਨਾਲ ਜੋੜਨ ਵਿਚ ਮਦਦ ਮਿਲੇਗੀ। ਕੁਲ ਮਿਲਾ ਕੇ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਭਾਜਪਾ ਨੂੰ ਮਿਲੀ ਇਕਪਾਸੜ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸ਼ਹਿਰਾਂ ਵੱਲ ਵੀ ਪੂਰਾ ਧਿਆਨ ਦੇਵੇਗੀ ਜਿੱਥੇ ਭਾਜਪਾ ਦਾ ਆਧਾਰ ਹੈ।

 

Previous articleਦੋ ਵੱਡੇ ਵਿਸ਼ਵ ਯੁੱਧਾਂ ਕਾਰਨ ਭਾਰਤ ਦਾ ਹੈਂਡਟੂਲ ਉਦਯੋਗ 40 ਫ਼ੀਸਦੀ ਡਿੱਗਿਆ
Next articleਇਸ ਹਾਈਵੇਅ ਵੱਲ ਜਾ ਰਹੇ ਹੋ ਤਾਂ ਸੋਚ-ਸਮਝ ਕੇ ਨਿਕਲੋ ਘਰੋਂ

LEAVE A REPLY

Please enter your comment!
Please enter your name here