ਜੈਪੁਰ– ਭਜਨ ਲਾਲ ਸ਼ਰਮਾ ਸ਼ੁੱਕਰਵਾਰ ਯਾਨੀ ਕਿ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਨੂੰ ਹਾਲ ਹੀ ਵਿਚ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਉਪ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਸਹੁੰ ਚੁੱਕ ਸਮਾਰੋਹ ਵਿਚ ਸ਼ਰਮਾ ਨਾਲ ਹੀ ਇਹ ਦੋਵੇਂ ਨੇਤਾ ਵੀ ਸਹੁੰ ਚੁੱਕਣਗੇ। ਰਾਜਪਾਲ ਕਲਰਾਜ ਮਿਸ਼ਰਾ ਤਿੰਨਾਂ ਨੂੰ ਸਹੁੰ ਚੁਕਾਉਣਗੇ।
ਅਲਬਰਟ ਹਾਲ ਦੇ ਬਾਹਰ ਦੁਪਹਿਰ 12 ਵਜੇ ਹੋਣ ਵਾਲੇ ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵੀ ਸ਼ਾਮਲ ਹੋਣਗੇ। ਸਮਾਰੋਹ ਵਿਚ ਵੱਡੀ ਗਿਣਤੀ ‘ਚ ਲੋਕਾਂ ਦੇ ਆਉਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਵਿਆਪਕ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਮਾਰੋਹ ਲਈ ਕੇਂਦਰੀ ਨੇਤਾਵਾਂ ਅਤੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਸੱਦਾ ਭੇਜਿਆ ਗਿਆ ਹੈ। ਸਮਾਰੋਹ ਤੋਂ ਪਹਿਲਾਂ ਰਾਜਧਾਨੀ ਦੇ ਮੁੱਖ ਮਾਰਗਾਂ ਅਤੇ ਐਂਟਰੀ ਗੇਟਾਂ ਨੂੰ ਸਜਾਇਆ ਗਿਆ ਹੈ। ਇਨ੍ਹਾਂ ਵਿਚ ਭਾਜਪਾ ਦੇ ਝੰਡੇ ਅਤੇ ਕੇਂਦਰ ਸਰਕਾਰ ਦੀਆਂ ਤਮਾਮ ਜਲਕਲਿਆਣਕਾਰੀ ਯੋਜਨਾਵਾਂ ਨਾਲ ਜੁੜੇ ਪੋਸਟਰ ਅਤੇ ਬੈਨਰ ਵੀ ਲਾਏ ਗਏ ਹਨ।
ਦੱਸ ਦੇਈਏ ਕਿ ਸੂਬੇ ਵਿਚ 200 ਵਿਚੋਂ 199 ਸੀਟਾਂ ‘ਤੇ ਹੋਈਆਂ ਚੋਣਾਂ ਵਿਚ ਭਾਜਪਾ ਨੇ 115 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਕਰਨਪੁਰ ਸੀਟ ‘ਤੇ ਕਾਂਗਰਸ ਉਮੀਦਵਾਰ ਦੇ ਦਿਹਾਂਤ ਕਾਰਨ ਚੋਣ ਮੁਲਵਤੀ ਕਰ ਦਿੱਤੀ ਗਈ ਸੀ, ਜਿੱਥੇ 5 ਜਨਵਰੀ ਨੂੰ ਵੋਟਿੰਗ ਹੋਵੇਗੀ।