ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਇਕ ਵੋਆਇਸ ਮੈਸੇਜ ਜਾਰੀ ਕਰਦਿਆਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੈਗਾ ਪੀ. ਟੀ. ਐੱਮ. ਵਿਚ ਜ਼ਰੂਰ ਜਾਣ ਤਾਂ ਜੋ ਉਹ ਬੱਚਿਆਂ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਿੱਖਿਆ ਸੁਧਾਰ ਸਬੰਧੀ ਕੋਈ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਉਹ ਵੀ ਜ਼ਰੂਰ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉਚਾ ਚੁੱਕਣ ਲਈ ਤੇ ਉਨ੍ਹਾਂ ਦੀ ਸ਼ਾਨ ਬਹਾਲ ਕਰਨ ਵਾਸਤੇ ਵਚਨਬੱਧ ਹੈ ਅਤੇ ਕੋਸ਼ਿਸ਼ਾਂ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਗਾ PTM ਵਿਚ ਅਧਿਆਪਕ ਅਤੇ ਮਾਪੇ ਬੱਚਿਆਂ ਦੀ ਫੀਡਬੈਕ ਇਕ ਦੂਜੇ ਨਾਲ ਸਾਂਝੀ ਕਰਨਗੇ। ਬੱਚਾ ਸਕੂਲ ਵਿਚ ਕੀ ਕਰਦਾ ਹੈ ਜਾਂ ਸਕੂਲ ਤੋਂ ਬਾਅਦ ਬੱਚੇ ਦੀ ਕੀ ਐਕਟੀਵਿਟੀ ਰਹਿੰਦੀ ਹੈ, ਇਹ ਅਧਿਆਪਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਤਾਂਕਿ ਸਕੂਲਾਂ ਦੇ ਜਿਹੜੇ ਪ੍ਰਬੰਧ ਹਨ, ਉਨ੍ਹਾਂ ਬਾਰੇ ਵੀ ਮਾਪਿਆਂ ਨੂੰ ਪਤਾ ਲੱਗ ਸਕੇ। ਉਨ੍ਹਾਂ ਨੇ ਕਿਹਾ ਕਿ ਮਾਪੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੁਝਾਅ ਵੀ ਦੇਣ ਅਤੇ ਜੇ ਕੋਈ ਸ਼ਿਕਵੇ-ਸ਼ਿਕਾਇਤਾਂ ਹਨ, ਉਹ ਵੀ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਸਾਂਝੇ ਕਰਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਅਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਪੰਜਾਬ ਦੇ 19109 ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿਚ ਮਿਤੀ 16 ਦਸੰਬਰ ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਵਿਚ 20 ਲੱਖ ਤੋਂ ਵੱਧ ਮਾਪਿਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਦੁਪਹਿਰ 3.30 ਵਜੇ ਤੱਕ ਚੱਲੇਗਾ ਪ੍ਰੋਗਰਾਮ
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਅਕਤੀ ਮਿਲ ਬੈਠ ਕੇ ਸਕੂਲ ਸਿੱਖਿਆ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਵਾਸਤੇ ਵਿਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਸਕੂਲਾਂ ਵਿਚ ਕੀਤੇ ਜਾ ਰਹੇ ਕੰਮਾਂ ਨੂੰ ਪ੍ਰਦਰਸ਼ਿਤ ਕਰਦੀਆਂ ਪ੍ਰਦਰਸ਼ਨੀਆਂ, ਲਾਇਬ੍ਰੇਰੀ ਲੰਗਰ ਅਤੇ ਅਕਾਦਮਿਕ ਪ੍ਰਾਪਤੀਆਂ ਇਸ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਹੋਣਗੀਆਂ।
ਇਸ ਤੋਂ ਇਲਾਵਾ ਮਿਸ਼ਨ ਸਮਰੱਥ, ਮਿਸ਼ਨ 100%, ਵਿਦਿਆਰਥੀਆਂ ਦੀ ਸਕੂਲ ਵਿਚ ਹਾਜ਼ਰੀ ਅਤੇ ਨਵੇਂ ਦਾਖਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਵਿਚ ਵੀ ਸਹਾਈ ਸਿੱਧ ਹੋਵੇਗੀ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਪਿਆਂ ਨੂੰ ਮੈਗਾ ਪੀ. ਟੀ. ਐੱਮ. ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੈਗਾ ਪੀ. ਟੀ. ਐੱਮ. ਵਿਚ ਹਿੱਸਾ ਲੈ ਕੇ ਉਹ ਵੀ ਸਿੱਖਿਆ ਕ੍ਰਾਂਤੀ ਦੇ ਗਵਾਹ ਬਣਨ।
ਸਿੱਖਿਆ ਮੰਤਰੀ ਨੇ ਮਾਪਿਆਂ ਨੂੰ ਕਿਹਾ ਕਿ ਉਹ ਇਸ ਮੈਗਾ ਪੀ. ਟੀ. ਐੱਮ. ਵਿਚ ਜ਼ਰੂਰ ਹਿੱਸਾ ਲੈਣ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾਉਣ ਲਈ ਸ਼ੁਰੂ ਕੀਤੇ ਗਏ ਉਪਰਾਲੇ ਜਿਵੇਂ ਕਿ ਕੈਂਪਸ ਮੈਨੇਜਰ, ਸਕਿਓਰਿਟੀ ਗਾਰਡ, ਕਲਾਸ ਰੂਮ, ਲੈਬਸ, ਗ੍ਰਾਂਊਂਡ, ਟਰਾਂਸਪੋਰਟ ਸਰਵਿਸ, ਸਕੂਲ ਆਫ਼ ਐਮੀਨੈਸ, ਵਿਦਿਆਰਥੀਆਂ ਦੀ ਵਰਦੀ ਆਦਿ ਨੂੰ ਚੰਗੀ ਤਰ੍ਹਾਂ ਦੇਖ ਸਕਣ। ਇਸ ਦੇ ਨਾਲ ਹੀ ਉਨ੍ਹਾਂ ਸਕੂਲ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੈਗਾ ਪੀ. ਟੀ. ਐੱਮ. ਵਿਚ ਆਪਣੇ ਮਾਪਿਆਂ ਜਾਂ ਦਾਦਾ- ਦਾਦੀ ਨੂੰ ਜ਼ਰੂਰ ਲੈ ਕੇ ਆਉਣ।