ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਸਮੂਹ ਸਿੱਖ ਸੰਗਤ ਤੋਂ ਨਿਮਰਤਾ ਸਹਿਤ ਮੁਆਫ਼ੀ ਮੰਗਣ ਨਾਲ ਪੰਜਾਬ ਤੇ ਪੰਥਕ ਰਾਜਨੀਤੀ ’ਚ ਨਵਾਂ ਮੋੜ ਆ ਗਿਆ ਹੈ। ਸਥਾਪਨਾ ਦਿਵਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਜਿਸ ਹਲੀਮੀ ਨਾਲ ਬਾਦਲ ਸਰਕਾਰ ਸਮੇਂ ਵਾਪਰੀਆਂ ਇਨ੍ਹਾਂ ਘਟਨਾਵਾਂ ਦੀ ਖਿਮਾ ਯਾਚਨਾ ਕੀਤੀ, ਉਸ ਨੇ ਸਿੱਖ ਮਨਾਂ ਅੰਦਰ ਇਕ ਵੱਡਾ ਬਦਲਾਅ ਲੈ ਆਉਂਦਾ ਹੈ।
ਇਸ ਦੇ ਨਾਲ-ਨਾਲ ਉਨ੍ਹਾਂ ਵਲੋਂ ਮੰਗੀ ਮੁਆਫੀ ਨੇ ਉਨ੍ਹਾਂ ਧਿਰਾਂ ਨੂੰ ਵੀ ਨੰਗਿਆਂ ਕਰ ਦਿੱਤਾ ਹੈ, ਜਿਹੜੀਆਂ ਇਸ ਮੁੱਦੇ ’ਤੇ ਹੁਣ ਤਕ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਆ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਵਲੋਂ ਵਿਖਾਈ ਗਈ ਇਸ ਬੇ-ਮਿਸਾਲ ਹਲੀਮੀ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਨਿਹੱਥਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਿਆਸਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਨੇ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਨਾ ਸਿਰਫ਼ ਹਲੂਣ ਕੇ ਰੱਖ ਦਿੱਤਾ ਸੀ, ਸਗੋਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਿੱਖ ਸੰਗਤ ਨੇ ਸਰਕਾਰ ਨੂੰ ਚਲਦਾ ਕਰ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਬੇਅਦਬੀ ਦੀਆਂ ਇਹ ਘਟਨਾਵਾਂ ਮਰਹੂਮ ਬਾਦਲ ਸਾਹਿਬ ਤੇ ਮੇਰੇ ਲਈ ਬੇਹੱਦ ਦੁਖਦਾਈ ਸਨ। ਵਿਰੋਧੀ ਪਾਰਟੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਦਲ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀ ਸਿਆਸੀ ਗੋਟੀਆਂ ਫਿਟ ਕਰਦੀਆਂ ਰਹੀਆਂ। ਕੈਪਟਨ ਸਰਕਾਰ ਸਮੇਂ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਸਿਟ ਨੇ ਲੰਮਾ ਸਮਾਂ ਜਾਂਚ ਕਰਨ ਉਪਰੰਤ ਸਰਕਾਰ ਨੇ ਆਪਣੀ ਰਿਪੋਰਟ ਦਿੱਤੀ ਅਤੇ ਮਾਨ ਸਰਕਾਰ ਨੇ ਇਹ ਰਿਪੋਰਟ ਜਨਤਕ ਕੀਤੀ। ਜਨਤਕ ਕੀਤੀ ਗਈ ਇਸੇ ਰਿਪੋਰਟ ’ਚ ਨਾ ਤਾਂ ਬਾਦਲ ਪਰਿਵਾਰ ਤੇ ਨਾ ਹੀ ਕਿਸੇ ਅਕਾਲੀ ਵਰਕਰ ਦਾ ਨਾਂ ਸਾਹਮਣੇ ਆਇਆ।
ਵਿਰੋਧੀਆਂ ਨੇ ਇਨ੍ਹਾਂ ਘਟਨਾਵਾਂ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੰਨਾ ਬਦਨਾਮ ਕਰ ਦਿੱਤਾ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਸੀ ਕਿ ਦਾਲ ’ਚ ਕੁਝ ਕਾਲਾ ਹੈ ਪਰ ਹੌਲੀ-ਹੌਲੀ ਸਮਾਂ ਬੀਤਣ ਤੇ ਸਿੱਟ ਦੀ ਰਿਪੋਰਟ ਆਉਣ ਨਾਲ ਅਕਾਲੀ ਦਲ ਸੁਰਖਰੂ ਹੋ ਗਿਆ। ਹੁਣ ਸੁਖਬੀਰ ਬਾਦਲ ਨੇ ਮੁਆਫੀ ਮੰਗ ਕੇ ਪੰਥਕ ਹਲਕਿਆਂਨੂੰ ਦੱਸ ਦਿੱਤਾ ਹੈ ਕਿ ਸੰਗਤ ਅੱਗੇ ਉਹ ਕੁਝ ਵੀ ਨਹੀਂ ਅਤੇ ਸੰਗਤ ਨੂੰ ਨਾਲ ਲੈ ਕੇ ਹੀ ਉਹ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਅਸਲ ਦੋਸ਼ੀਆਂ ਤੱਕ ਪਹੁੰਚਣਗੇ।
ਸੁਖਬੀਰ ਬਾਦਲ ਦੀ ਮੁਆਫੀ ਅਤੇ ਪੰਥਕ ਏਕਤਾ ਦੀ ਅਪੀਲ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਨੂੰ ਵੀ ਟੁੰਬ ਗਈ ਹੈ ਅਤੇ ਸੁਖਬੀਰ ਬਾਦਲ ਦੇ ਕੱਟੜ ਵਿਰੋਧੀ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਦੇ ਇਨ੍ਹਾਂ ਕਦਮਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਏਕਤਾ ਦੇ ਮੁੱਦੇ ’ਤੇ ਉਹ ਇਕੱਲੇ ਕੋਈ ਫ਼ੈਸਲਾ ਨਹੀਂ ਲੈ ਸਕਦੇ ਪਰ ਹੁਣ ਉਹ ਇਸ ਮਾਮਲੇ ਨੂੰ ਪਾਰਟੀ ਦੀ ਲੀਡਰਸ਼ਿਪ ਨਾਲ ਜ਼ਰੂਰ ਵਿਚਾਰਨਗੇ। ਉੱਘੇ ਸਿੱਖ ਪ੍ਰਚਾਰਕ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ। ਦਾਦੂਵਾਲ ਸੁਖਬੀਰ ਬਾਦਲ ਦੇ ਵਿਰੋਧੀ ਹਨ ਪਰ ਏਕਤਾ ਤੇ ਮੁਆਫੀ ਦੀ ਅਪੀਲ ਦਾ ਉਨ੍ਹਾਂ ’ਤੇ ਵੀ ਅਸਰ ਦਿਖਾਈ ਦੇ ਰਿਹਾ ਹੈ।
ਇਸ ਦੇ ਨਾਲ-ਨਾਲ ਅਕਾਲੀ ਦਲ ਦੇ ਪ੍ਰਧਾਨ ਵਲੋਂ ਉਨ੍ਹਾਂ ਸਾਰਿਆਂ ਤੋਂ ਬਿਨਾਂ ਲੱਗ-ਲਬੇੜ ਦੇ ਮੁਆਫੀ ਮੰਗੀ ਜੋ ਉਨ੍ਹਾਂ ਵਲੋਂ ਜਾਂ ਪ੍ਰਕਾਸ਼ ਸਿੰਘ ਬਾਦਲ ਤਰਫੋਂ ਜਾਂ ਕਿਸੇ ਹੋਰ ਅਕਾਲੀ ਆਗੂ ਦੁਆਰਾ ਕੀਤੇ ਗਏ ਕਿਸੇ ਵੀ ਵਤੀਰੇ ਕਾਰਨ ਦੁਖੀ ਹਨ ਤੇ ਪਾਰਟੀ ਤੋਂ ਲਾਂਭੇ ਹੋ ਕੇ ਘਰ ਬੈਠ ਗਏ ਸਨ ਤੇ ਸੁਖਬੀਰ ਸਿੰਘ ਬਾਦਲ ਦੇ ਇਸੇ ਕਦਮ ਨਾਲ ਉਹ ਯਕੀਨਨ ਆਪਣਾ ਸਨਮਾਨ ਬਹਾਲ ਹੁੰਦਾ ਮਹਿਸੂਸ ਕਰਨਗੇ। ਸੁਖਬੀਰ ਬਾਦਲ ਵਲੋਂ ਉਨ੍ਹਾਂ ਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਹੈ ਕਿ ਅੱਗੇ ਤੋਂ ਉਹ ਨਿੱਜੀ ਦਿਲਚਸਪੀ ਲੈ ਕੇ ਹਰ ਇਕ ਵਰਕਰ ਦਾ ਖਿਆਲ ਰੱਖਣਗੇ। ਸੁਖਬੀਰ ਸਿੰਘ ਬਾਦਲ ਦੇ ਇਹ ਕਦਮ ਰੁੱਸਿਆ ਨੂੰ ਮਨਾਉਣ ਵੱਲ ਜ਼ਰੂਰ ਸੇਧਤ ਹੋਣਗੇ।