ਨਵੀਂ ਦਿੱਲੀ- ਹਰ ਸਾਲ ਭਾਰਤ ਵਿਚ 16 ਦਸੰਬਰ ਦਾ ਦਿਨ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1971 ਵਿਚ ਅੱਜ ਹੀ ਦੇ ਦਿਨ ਭਾਰਤੀ ਫ਼ੌਜ ਨੇ ਪਾਕਿਸਤਾਨ ਖਿਲਾਫ ਇਤਿਹਾਸਿਕ ਜਿੱਤ ਦਰਜ ਕੀਤੀ ਸੀ। 16 ਦਸੰਬਰ 1971 ਦੀ ਇਤਿਹਾਸਿਕ ਜਿੱਤ ਦੀ ਖੁਸ਼ੀ ਅੱਜ ਵੀ ਹਰ ਦੇਸ਼ਵਾਸੀ ਦੇ ਮਨ ਨੂੰ ਜੋਸ਼ ਅਤੇ ਉਮੰਗ ਨਾਲ ਭਰ ਦਿੰਦੀ ਹੈ। ਇਸੇ ਦਿਨ ਭਾਰਤ ਨੇ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਸਨ। 16 ਦਸੰਬਰ ਦਾ ਦਿਨ ਫੌਜੀਆਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਨ ਦਾ ਦਿਨ ਹੈ। ਅੱਜ ਦੇ ਦਿਨ 1971 ਵਿਚ ਪਾਕਿਸਤਾਨੀ ਫ਼ੌਜ ਨੇ ਭਾਰਤੀ ਫੌਜ ਦੀ ਬਹਾਦਰੀ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਬੰਗਲਾਦੇਸ਼ ਨੂੰ ਆਜ਼ਾਦੀ ਮਿਲੀ। ਇਹ ਯੁੱਧ 13 ਦਿਨ ਤੱਕ ਚੱਲਿਆ। ਅੱਜ ਪੂਰਾ ਦੇਸ਼ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰ ਰਿਹਾ ਹੈ ਜੋ ਇਤਿਹਾਸਕ ਜਿੱਤ ਦੇ ਨਾਇਕ ਸਨ। ਇਸ ਦਿਨ, 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਭਾਗ ਲੈਣ ਵਾਲੇ ਸਾਰੇ ਸਾਬਕਾ ਫੌਜੀਆਂ, ਸ਼ਹੀਦ ਫੌਜੀਆਂ ਦੀਆਂ ਪਤਨੀਆਂ ਅਤੇ ਪਰਿਵਾਰਾਂ ਨੂੰ ਕਈ ਪ੍ਰੋਗਰਾਮਾਂ ਵਿਚ ਸਨਮਾਨਿਤ ਕੀਤਾ ਜਾਂਦਾ ਹੈ। ਸਾਬਕਾ ਫੌਜੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ, ਸਾਹਸ ਅਤੇ ਕੁਰਬਾਨੀ ਲਈ ਸਨਮਾਨਿਤ ਕੀਤਾ ਜਾਂਦਾ ਹੈ। ਦਰਅਸਲ ਵੰਡ ਦੇ ਸਮੇਂ ਭਾਰਤ ਦੇ 2 ਹਿੱਸਿਆਂ ਨੂੰ ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਦੇ ਨਾਂ ’ਤੇ ਵੱਖ ਕਰ ਦਿੱਤਾ ਗਿਆ ਸੀ। ਬੰਗਾਲ ਦਾ ਵੱਡਾ ਹਿੱਸਾ ਪੂਰਬੀ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪੱਛਮੀ ਪਾਕਿਸਤਾਨ ਦੀ ਹਕੂਮਤ ਪੂਰਬੀ ਪਾਕਿਸਤਾਨ ਦੀ ਜਨਤਾ ਨਾਲ ਬੁਰਾ ਵਰਤਾਓ ਕਰਦੀ ਆਈ। 24 ਸਾਲ ਤੱਕ ਪੂਰਬੀ ਪਾਕਿਸਤਾਨ ਤੋਂ ਪੱਛਮੀ ਪਾਕਿਸਤਾਨ ਦੇ ਅੱਤਿਆਚਾਰਾਂ ਨੂੰ ਸਹਿਣ ਕੀਤਾ। ਭਾਰਤ ਨੇ ਪੂਰਬੀ ਪਾਕਿਸਤਾਨ ਦੇ ਸੁਤੰਤਰਤਾ ਸੰਗਰਾਮ ’ਚ ਉਨ੍ਹਾਂ ਦਾ ਸਾਥ ਦਿੱਤਾ। ਜੰਗ ਵਿਚ ਭਾਰਤ ਦੀ ਜਿੱਤ ਦੇ ਨਾਲ ਪੂਰਬੀ ਪਾਕਿਸਤਾਨ ਆਜ਼ਾਦ ਹੋ ਕੇ ਬੰਗਲਾਦੇਸ਼ ਬਣਿਆ।
ਭਾਰਤੀ ਫੌਜ ਦੇ ਸਾਹਮਣੇ 93,000 ਪਾਕਿਸਤਾਨੀ ਫ਼ੌਜੀਆਂ ਨੇ ਸੁੱਟੇ ਹਥਿਆਰ, ਹੋਂਦ ’ਚ ਆਇਆ ਨਵਾਂ ਦੇਸ਼ ਬੰਗਲਾਦੇਸ਼
ਵਿਜੇ ਦਿਵਸ 16 ਦਸੰਬਰ ਨੂੰ 1971 ਦੀ ਜੰਗ ਵਿਚ ਪਾਕਿਸਤਾਨ ’ਤੇ ਭਾਰਤੀ ਦੀ ਜਿੱਤ ਕਾਰਨ ਮਨਾਇਆ ਜਾਂਦਾ ਹੈ। ਪੂਰਬੀ ਪਾਕਿਸਤਾਨ ਵਿਚ ਪਾਕਿਸਤਾਨੀ ਫੋਰਸਾਂ ਦੇ ਕਮਾਂਡਰ ਲੈਫਟੀਨੈਂਟ ਜਨਰਲ ਏ.ਏ. ਕੇ. ਨਿਆਜੀ ਨੇ ਭਾਰਤ ਦੇ ਪੂਰਬੀ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ 17 ਦਸੰਬਰ ਨੂੰ 93,000 ਪਾਕਿਸਤਾਨੀ ਫ਼ੌਜੀਆਂ ਨੂੰ ਜੰਗੀ ਕੈਦੀ ਬਣਾਇਆ ਗਿਆ। ਭਾਰਤ ਦੇ ਹੱਥੋਂ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਦੋ ਹਿੱਸਿਆਂ ’ਚ ਵੰਡਿਆ ਗਿਆ ਅਤੇ ਪੂਰਬੀ ਪਾਕਿਸਤਾਨ ਸੁਤੰਤਰ ਹੋ ਗਿਆ ਜੋ ਅੱਜ ਬੰਗਲਾਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਇਹ ਜੰਗ ਭਾਰਤ ਲਈ ਇਤਿਹਾਸਿਕ ਅਤੇ ਹਰ ਦੇਸ਼ ਵਾਸੀ ਦੇ ਦਿਲ ਵਿਚ ਉਮੰਗ ਭਰ ਦੇਣ ਵਾਲੀ ਸੀ ਪਰ ਇਸ ਜੰਗ ਵਿਚ ਲਗਭਗ 3900 ਭਾਰਤੀ ਫੌਜੀ ਸ਼ਹੀਦ ਹੋਏ ਸਨ ਅਤੇ 9851 ਜ਼ਖ਼ਮੀ ਹੋਏ ਸਨ।
ਪਠਾਨਕੋਟ ਅਤੇ ਅੰਮ੍ਰਿਤਸਰ ਆਦਿ ਸ਼ਹਿਰਾਂ ’ਤੇ ਪਾਕਿਸਤਾਨ ਦੀ ਹਵਾਈ ਬੰਬਬਾਰੀ ਤੋਂ ਬਾਅਦ ਜੰਗ ’ਚ ਆ ਗਿਆ ਸੀ ਭਾਰਤ
ਜੰਗ ਦਾ ਪਿਛੋਕੜ 1971 ਦੀ ਸ਼ੁਰੂਆਤ ਤੋਂ ਹੀ ਬਣਨ ਲੱਗਾ ਸੀ। ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਯਾਹੀਆ ਖਾਨ ਨੇ 25 ਮਾਰਚ 1971 ਨੂੰ ਪੂਰਬੀ ਪਾਕਿਸਤਾਨ ਦੀਆਂ ਜਨਤਕ ਭਾਵਨਾਵਾਂ ਨੂੰ ਫ਼ੌਜੀ ਤਾਕਤ ਨਾਲ ਕੁਚਲਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਪੂਰਬੀ ਪਾਕਿਸਤਾਨ ਵਿਚ ਬੰਗਲਾ ਭਾਸ਼ੀ ਪਾਕਿਸਤਾਨੀਆਂ ਦੇ ਵੱਡੇ ਨੇਤਾ ਸ਼ੇਖ ਮੁਜ਼ੀਬ-ਉਰ-ਰਹਿਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਾਕਿਸਤਾਨੀ ਫੌਜ ਦੀ ਕਾਰਵਾਈ ਕਾਰਨ ਉੱਥੋਂ ਵੱਡੀ ਗਿਣਤੀ ਵਿਚ ਸ਼ਰਨਾਰਥੀ ਲਗਾਤਾਰ ਭਾਰਤ ਆਉਣ ਲੱਗੇ। ਜਦੋਂ ਭਾਰਤ ਵਿਚ ਪਾਕਿਸਤਾਨੀ ਫੌਜ ਦੇ ਦੁਰ-ਵਿਵਹਾਰ ਦੀ ਖਬਰਾਂ ਆਈਆਂ ਉਦੋਂ ਭਾਰਤ ’ਤੇ ਇਹ ਦਬਾਅ ਪੈਣ ਲੱਗਾ ਕਿ ਉਹ ਉੱਥੇ ਫੌਜੀ ਦਖਲਅੰਦਾਜ਼ੀ ਕਰੇ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਅਪ੍ਰੈਲ ਵਿਚ ਹਮਲਾ ਕੀਤਾ ਜਾਏ। ਇਸ ਸਬੰਧ ਵਿਚ ਉਦੋਂ ਇੰਦਰਾ ਗਾਂਧੀ ਨੇ ਥਲ ਫ਼ੌਜ ਮੁਖੀ ਜਨਰਲ ਮਾਨੇਕਸ਼ਾ ਨਾਲ ਸਲਾਹ ਕੀਤੀ। ਉਦੋਂ ਭਾਰਤ ਕੋਲ ਸਿਰਫ਼ ਇਕ ਪਹਾੜੀ ਡਿਵੀਜਨ ਸੀ। ਇਸ ਡਿਵੀਜਨ ਦੇ ਨੇੜੇ ਪੁਲ ਬਣਾਉਣ ਦੀ ਸਮਰੱਥਾ ਨਹੀਂ ਸੀ। ਉਦੋਂ ਮਾਨਸੂਨ ਵੀ ਦਸਤਕ ਦੇਣ ਵਾਲਾ ਸੀ। ਅਜਿਹੇ ਸਮੇਂ ਵਿਚ ਪੂਰਬੀ ਪਾਕਿਸਤਾਨ ਵਿਚ ਐਂਟਰੀ ਕਰਨਾ ਮੁਸੀਬਤ ਮੁੱਲ ਲੈਣ ਵਰਗਾ ਸੀ। ਮਾਨੇਕਸ਼ਾ ਨੇ ਸਿਆਸੀ ਦਬਾਅ ਵਿਚ ਝੁਕੇ ਬਿਨਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਪੂਰੀ ਤਿਆਰੀ ਦੇ ਨਾਲ ਹੀ ਜੰਗ ਦੇ ਮੈਦਾਨ ’ਚ ਉਤਰਨਾ ਚਾਹੁੰਦੇ ਹਨ। 3 ਦਸੰਬਰ 1971 ਨੂੰ ਇੰਦਰਾ ਗਾਂਧੀ ਤਤਕਾਲੀ ਕਲਕੱਤਾ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ। ਉਸੇ ਦਿਨ ਸ਼ਾਮ ਦੇ ਸਮੇਂ ਪਾਕਿਸਤਾਨੀ ਹਵਾਈ ਫੌਜ ਦੇ ਜਹਾਜਾਂ ਨੇ ਭਾਰਤੀ ਹਵਾਈ ਸਰਹੱਦ ਨੂੰ ਪਾਰ ਕਰ ਕੇ ਪਠਾਨਕੋਟ, ਸ਼੍ਰੀਨਗਰ, ਅੰਮ੍ਰਿਤਸਰ, ਜੋਧਪੁਰ, ਅਾਗਰਾ ਆਦਿ ਫੌਜੀ ਹਵਾਈ ਅੱਡਿਆਂ ’ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਇੰਦਰਾ ਗਾਂਧੀ ਨੇ ਉਸੇ ਸਮੇਂ ਦਿੱਲੀ ਪਰਤ ਕੇ ਮੰਤਰੀ ਮੰਡਲ ਦੀ ਐਮਰਜੈਂਸੀ ਬੈਠਕ ਕੀਤੀ ਅਤੇ ਜੰਗ ਦਾ ਜਵਾਬ ਦੇਣ ਦਾ ਫੈਸਲਾ ਲਿਆ ਗਿਆ।
ਜਿਸ ਇਮਾਰਤ ਵਿਚ ਪਾਕਿ ਅਧਿਕਾਰੀ ਕਰ ਰਹੇ ਸਨ ਬੈਠਕ, ਭਾਰਤੀ ਜਹਾਜ਼ਾਂ ਨੇ ਉਡਾ ਦਿੱਤੀ ਸੀ ਉਸ ਦੀ ਛੱਤ
ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਫ਼ੌਜ ਨੇ ਪੂਰਬ ’ਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਜੈਸੋਰ ਅਤੇ ਖੁਲਨਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਦੀ ਰਣਨੀਤੀ ਸੀ ਕਿ ਅਹਿਮ ਟਿਕਾਣਿਆਂ ਨੂੰ ਛੱਡਦੇ ਹੋਏ ਪਹਿਲਾਂ ਅੱਗੇ ਵਧਿਆ ਜਾਵੇ। ਜੰਗ ਵਿਚ ਮਾਨੇਕਸ਼ਾ ਖੁਲਨਾ ਅਤੇ ਚਟਗਾਂਵ ’ਤੇ ਹੀ ਕਬਜ਼ਾ ਕਰਨ ’ਤੇ ਜ਼ੋਰ ਦਿੰਦੇ ਰਹੇ। ਢਾਕਾ ’ਤੇ ਕਬਜ਼ਾ ਕਰਨ ਦਾ ਟੀਚਾ ਭਾਰਤੀ ਫੌਜ ਦੇ ਸਾਹਮਣੇ ਰੱਖਿਆ ਹੀ ਨਹੀਂ ਗਿਆ। 14 ਦਸੰਬਰ ਨੂੰ ਭਾਰਤੀ ਫੌਜ ਨੇ ਇਕ ਗੁਪਤ ਸੰਦੇਸ਼ ਫੜਿਆ ਕਿ ਦੁਪਹਿਰ 11 ਵਜੇ ਢਾਕਾ ਦੇ ਗਵਰਨਮੈਂਟ ਹਾਊਸ ਵਿਚ ਇਕ ਅਹਿਮ ਬੈਠਕ ਹੋਣ ਵਾਲੀ ਹੈ, ਜਿਸ ਵਿਚ ਪਾਕਿਸਤਾਨੀ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਹਿੱਸਾ ਲੈਣ ਵਾਲੇ ਹਨ। ਭਾਰਤੀ ਫੌਜ ਨੇ ਤੈਅ ਕੀਤਾ ਕਿ ਉਸ ਸਮੇਂ ਉਸ ਇਮਾਰਤ ’ਤੇ ਬੰਬ ਸੁੱਟ ਜਾਣ। ਬੈਠਕ ਦੌਰਾਨ ਹੀ ਮਿੱਗ-21 ਜਹਾਜ਼ਾਂ ਨੇ ਇਮਾਰਤ ’ਤੇ ਬੰਬ ਸੁੱਟ ਕੇ ਮੁੱਖ ਹਾਲ ਦੀ ਛੱਤ ਉਡਾ ਦਿੱਤੀ। ਗਵਰਨਰ ਮਲਿਕ ਨੇ ਲਗਭਗ ਕੰਬਦੇ ਹੱਥਾਂ ਨਾਲ ਆਪਣਾ ਅਸਤੀਫਾ ਲਿਖਿਆ।
ਢਾਕਾ ’ਚ ਪਾਕਿ ਦੇ ਸਨ 26,000 ਫੌਜੀ, ਭਾਰਤ ਕੋਲ ਸਨ 3000
16 ਦਸੰਬਰ ਦੇ ਸਵੇਰ ਨੂੰ ਜਨਰਲ ਜੈਕਬ ਨੂੰ ਮਾਨੇਕਸ਼ਾ ਦਾ ਸੰਦੇਸ਼ ਮਿਲਿਆ ਕਿ ਆਤਮ-ਸਮਰਪਣ ਦੀ ਤਿਆਰੀ ਲਈ ਤੁਰੰਤ ਢਾਕਾ ਪਹੁੰਚੋ। ਜੈਕਬ ਦੀ ਹਾਲਤ ਵਿਗੜ ਰਹੀ ਸੀ। ਨਿਆਜ਼ੀ ਕੋਲ ਢਾਕਾ ਵਿਚ 26,400 ਫੌਜੀ ਸਨ ਜਦ ਕਿ ਭਾਰਤ ਕੋਲ ਸਿਰਫ 3000 ਫੌਜੀ ਸਨ ਅਤੇ ਉਹ ਵੀ ਢਾਕਾ ਤੋਂ 30 ਕਿਲੋਮੀਟਰ ਦੂਰ। ਇਸ ਦੇ ਬਾਵਜੂਦ ਭਾਰਤੀ ਫੌਜ ਨੇ ਜੰਗ ’ਤੇ ਪੂਰੀ ਤਰ੍ਹਾਂ ਨਾਲ ਆਪਣੀ ਪਕੜ ਬਣਾ ਲਈ ਸੀ।
2 ਵਿਜੇ ਦਿਵਸ -16 ਦਸੰਬਰ ਅਤੇ 26 ਜੁਲਾਈ
16 ਦਸੰਬਰ ਨੂੰ ਮਨਾਇਆ ਜਾਣ ਵਾਲਾ ‘ਵਿਜੇ ਦਿਵਸ’ 26 ਜੁਲਾਈ ਦੇ ‘ਕਾਰਗਿਲ ਵਿਜੇ ਦਿਵਸ’ ਤੋਂ ਵੱਖ ਹੈ। ਸਾਲ 1999 ਵਿਚ ਇਸ ਦਿਨ ਯਾਨੀ 26 ਜੁਲਾਈ ਨੂੰ ਭਾਰਤੀ ਫੌਜਾਂ ਨੇ ਲੱਦਾਖ ਦੇ ਕਾਰਗਿਲ ਜ਼ਿਲੇ ਦੇ ਉੱਤਰੀ ਹਿੱਸੇ ਵਿਚ ਪਾਕਿਸਤਾਨ ਦੀ ਫੌਜ ਨੂੰ ਹਰਾ ਕੇ ਜਿੱਤ ਦਾ ਝੰਡਾ ਲਹਿਰਾਇਆ ਸੀ। ਲਗਭਗ 2 ਮਹੀਨਿਆਂ ਤੱਕ ਚੱਲੀ ਇਸ ਜੰਗ ਲਈ ਭਾਰਤੀ ਫੌਜਾਂ ਵਲੋਂ ਚਲਾਏ ਗਏ ‘ਆਪ੍ਰੇਸ਼ਨ ਵਿਜੇ’ ਦੇ ਸਫਲ ਹੋਣ ਦਾ ਐਲਾਨ 14 ਜੁਲਾਈ ਨੂੰ ਕੀਤਾ ਗਿਆ ਸੀ ਅਤੇ ਇਹ ਜੰਗ 26 ਜੁਲਾਈ ਨੂੰ ਪੂਰੀ ਤਰ੍ਹਾਂ ਖਤਮ ਹੋਈ ਸੀ। ਉਦੋਂ ਤੋਂ ਹਰ ਸਾਲ 26 ਜੁਲਾਈ ਨੂੰ ‘ਕਾਰਗਿਲ ਵਿਜੇ ਦਿਵਸ’ ਵਜੋਂ ਮਨਾਇਆ ਜਾਂਦਾ ਹੈ। 16 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਜੰਗ ’ਚ ਭਾਰਤ ਦੀ ਜਿੱਤ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।