ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ਨੇ ਨਾਰੀਅਲ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਦਾ ਬੁੱਧਵਾਰ ਫੈਸਲਾ ਕੀਤਾ। ਸਰਕਾਰ ਨੇ 2024 ਦੇ ਸੀਜ਼ਨ ਲਈ ਨਾਰੀਅਲ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਚ 250-300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਕੇ ਇਸ ਨੂੰ 11,160-12,000 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ।
ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਪਰਾ (ਨਾਰੀਅਲ ਦੇ ਛਿਲਕੇ) ਦੀਆਂ ਕੀਮਤਾਂ ਵਿਸ਼ਵ ਪੱਧਰ ’ਤੇ ਘਟੀਆਂ ਹਨ ਪਰ ਮੋਦੀ ਸਰਕਾਰ ਨੇ ਉਤਪਾਦਨ ਲਾਗਤ ਤੋਂ ਵੀ ਘੱਟੋ-ਘੱਟ 50 ਫੀਸਦੀ ਵੱਧ ਐੱਮ. ਐੱਸ. ਪੀ. ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ 2024 ਦੇ ਸੀਜ਼ਨ ਲਈ ਨਾਰੀਅਲ ਦੇ ਘੱਟੋ-ਘੱਟ ਸਮਰਥਨ ਮੁੱਲ ’ਚ 250-300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੰਗਾ ਨਦੀ ’ਤੇ 4.56 ਕਿਲੋਮੀਟਰ ਲੰਬੇ ਪੁਲ ਦੀ ਉਸਾਰੀ ਕਰਨ ਦਾ ਫ਼ੈਸਲਾ ਲਿਆ ਗਿਆ। ਅਨੁਰਾਗ ਠਾਕੁਰ ਨੇ ਕਿਹਾ ਕਿ ਗੰਗਾ ਨਦੀ ’ਤੇ 4.56 ਕਿਲੋਮੀਟਰ ਲੰਬਾ ਪੁਲ ਬਣਾਇਆ ਜਾਵੇਗਾ। ਇਹ 6 ਮਾਰਗੀ ਪੁਲ ਬਿਹਾਰ ਦੇ ਦੀਘਾ ਅਤੇ ਸੋਨੂਪਰ ਨੂੰ ਜੋੜੇਗਾ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 3,064.45 ਕਰੋੜ ਰੁਪਏ ਹੈ। ਇਸ ‘ਚ 2233.81 ਕਰੋੜ ਰੁਪਏ ਦੀ ਉਸਾਰੀ ਲਾਗਤ ਸ਼ਾਮਲ ਹੈ। ਪੁਲ ਆਵਾਜਾਈ ਨੂੰ ਤੇਜ਼ ਅਤੇ ਆਸਾਨ ਬਣਾਵੇਗਾ। ਇਸ ਨਾਲ ਸੂਬੇ ਖਾਸ ਕਰ ਕੇ ਉੱਤਰੀ ਬਿਹਾਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ
ਆਕਲੈਂਡ ’ਚ ਕੌਂਸਲੇਟ ਜਨਰਲ ਖੁੱਲ੍ਹੇਗਾ
ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਜਲਦੀ ਹੀ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕੌਂਸਲੇਟ ਜਨਰਲ ਖੋਲ੍ਹੇਗਾ। ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਕੌਂਸਲੇਟ ਜਨਰਲ ਦੇ 12 ਮਹੀਨਿਆਂ ਅੰਦਰ ਖੁੱਲ੍ਹਣ ਅਤੇ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ। ਭਾਰਤ ਦਾ ਇਸ ਸਮੇਂ ਆਕਲੈਂਡ ਵਿੱਚ ਕੌਂਸਲੇਟ ਹੈ। ਕੌਂਸਲੇਟ ਜਨਰਲ ਦਾ ਉਦਘਾਟਨ ਕੌਂਸਲ ਜਨਰਲ ਦੀ ਨਿਯੁਕਤੀ ਲਈ ਰਾਹ ਪੱਧਰਾ ਕਰੇਗਾ। ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਆਮ ਤੌਰ ’ਤੇ ਇਸ ਅਹੁਦੇ ’ਤੇ ਨਿਯੁਕਤ ਕੀਤੇ ਜਾਂਦੇ ਹਨ।