ਦਿੱਲੀ, ਪੰਜਾਬ, ਯੂਪੀ, ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਅਤੇ ਧੁੰਦ ਦਾ ਦੋਹਰਾ ਹਮਲਾ ਜਾਰੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ‘ਚ ਬਰਫਬਾਰੀ ਨੇ ਮੌਸਮ ਨੂੰ ਖਰਾਬ ਕਰ ਦਿੱਤਾ ਹੈ। ਜਿੱਥੇ ਉੱਤਰੀ ਭਾਰਤ ‘ਚ ਲੋਕ ਠੰਡ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਦੱਖਣੀ ਭਾਰਤ ‘ਚ ਤਾਮਿਲਨਾਡੂ ‘ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਉੱਤਰੀ ਭਾਰਤ ਦੇ ਕੁਝ ਰਾਜਾਂ ‘ਚ ਮੀਂਹ ਦੇ ਨਾਲ-ਨਾਲ ਪਹਾੜਾਂ ‘ਤੇ ਬਰਫਬਾਰੀ ਨਾਲ ਸਮੱਸਿਆ ਹੋਰ ਵਧ ਸਕਦੀ ਹੈ। ਅਜਿਹੇ ‘ਚ ਕੜਕਦੀ ਠੰਡ ਨਵੇਂ ਸਾਲ ‘ਤੇ ਲੋਕਾਂ ਦੀਆਂ ਯੋਜਨਾਵਾਂ ਨੂੰ ਵਿਗਾੜ ਸਕਦੀ ਹੈ।
ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਤੋਂ ਲੈ ਕੇ ਉਤਰਾਖੰਡ ਤੱਕ ਦਾ ਮੌਸਮ ਕਿਵੇਂ ਰਹੇਗਾ?
30 ਅਤੇ 31 ਦਸੰਬਰ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਪਹਾੜਾਂ ‘ਚ ਬਰਫਬਾਰੀ ਅਤੇ ਮੀਂਹ ਕਾਰਨ ਨਵੇਂ ਸਾਲ ‘ਤੇ ਠੰਡ ਵਧ ਸਕਦੀ ਹੈ। ਲੇਹ ‘ਚ ਸ਼ੁੱਕਰਵਾਰ ਨੂੰ ਹੀ ਪਾਰਾ ਡਿੱਗ ਕੇ -7 ਤੱਕ ਪਹੁੰਚ ਗਿਆ। ਸ੍ਰੀਨਗਰ-2 ਅਤੇ ਪਹਿਲਗਾਮ-5 ‘ਚ ਵੀ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ।
ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 2 ਜਨਵਰੀ ਤੱਕ ਠੰਡੀ ਅਤੇ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਠੰਢ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਉੱਤਰੀ ਭਾਰਤ ਵਿੱਚ ਮੀਂਹ ਦੀ ਚੇਤਾਵਨੀ
ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਰੈੱਡ ਅਲਰਟ: ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਅੱਜ ਧੁੰਦ ਅਤੇ ਭਲਕੇ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ‘ਚ 31 ਦਸੰਬਰ ਨੂੰ ਵੀ ਆਰੇਂਜ ਅਲਰਟ ਹੈ। ਆਈਐਮਡੀ ਨੇ ਉੱਤਰੀ ਭਾਰਤੀ ਰਾਜਾਂ ਵਿੱਚ 2 ਜਨਵਰੀ ਤੱਕ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਹੈ।
ਯੂਪੀ-ਐਮਪੀ ਵਿੱਚ ਹੋ ਸਕਦੀ ਹੈ ਬਾਰਿਸ਼: ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੋਂ 2 ਜਨਵਰੀ ਤੱਕ ਯੂਪੀ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਦਿੱਲੀ ‘ਚ ਤਾਪਮਾਨ ‘ਚ ਗਿਰਾਵਟ, ਨੋਇਡਾ ‘ਚ ਸਕੂਲ ਬੰਦ: ਦਿੱਲੀ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸਮੇਤ ਪੂਰੇ ਉੱਤਰ ਭਾਰਤ ਵਿੱਚ ਸ਼ੁੱਕਰਵਾਰ ਨੂੰ ਠੰਢ ਅਤੇ ਧੁੰਦ ਦਾ ਕਹਿਰ ਜਾਰੀ ਰਿਹਾ। ਸੰਘਣੀ ਧੁੰਦ ਨੇ ਸੜਕਾਂ ਦੇ ਨਾਲ-ਨਾਲ ਰੇਲ ਗੱਡੀਆਂ ਅਤੇ ਉਡਾਣਾਂ ਦੀ ਰਫਤਾਰ ਨੂੰ ਵੀ ਬਰੇਕ ਲਗਾ ਦਿੱਤੀ ਹੈ। ਦਿੱਲੀ ਵਿੱਚ ਪਾਰਾ 8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੰਘਣੀ ਧੁੰਦ ਕਾਰਨ ਕਈ ਇਲਾਕਿਆਂ ‘ਚ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ। ਇਸ ਕਾਰਨ ਦਿੱਲੀ, ਵਾਰਾਣਸੀ ਅਤੇ ਲਖਨਊ ਹਵਾਈ ਅੱਡਿਆਂ ‘ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਕਈਆਂ ਨੂੰ ਡਾਇਵਰਟ ਕਰਨਾ ਪਿਆ। ਵੀਰਵਾਰ ਨੂੰ ਇਕੱਲੇ ਦਿੱਲੀ ਹਵਾਈ ਅੱਡੇ ‘ਤੇ 60 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ। ਜਦਕਿ 134 ਲੇਟ ਸਨ। ਇਸ ਦੇ ਨਾਲ ਹੀ ਦਿੱਲੀ ਆਉਣ ਵਾਲੀਆਂ 22 ਟਰੇਨਾਂ ਵੀ 8-10 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।
ਆਈਐਮਡੀ ਦੇ ਅਨੁਸਾਰ, ਵੀਰਵਾਰ ਨੂੰ ਯੂਪੀ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹੀ। ਪਟਿਆਲਾ, ਅੰਬਾਲਾ, ਚੰਡੀਗੜ੍ਹ, ਹਰਿਆਣਾ, ਦਿੱਲੀ, ਪਾਲਮ, ਬਰੇਲੀ, ਲਖਨਊ, ਵਾਰਾਣਸੀ ਅਤੇ ਗਵਾਲੀਅਰ ਵਿੱਚ ਵਿਜ਼ੀਬਿਲਟੀ 30 ਮੀਟਰ ਤੋਂ ਘੱਟ ਸੀ।
ਜੰਮੂ ਵਿੱਚ ਸੰਘਣੀ ਧੁੰਦ ਅਤੇ ਠੰਢ ਦਾ ਪ੍ਰਭਾਵ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਵੀਰਵਾਰ ਨੂੰ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ। ਇਸ ਕਾਰਨ ਜੰਮੂ ਆਉਣ ਵਾਲੀਆਂ 6 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਦਕਿ 11 ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 10 ਤੋਂ 12 ਘੰਟੇ ਦੇਰੀ ਨਾਲ ਚੱਲੀਆਂ।