ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਹਾਜ਼ਰੀ ਦਾ ਡਾਟਾ ਸਾਹਮਣੇ ਆਇਆ ਹੈ। ਜਿਸ ਵਿੱਚ ਪੰਜਾਬ ਦੇ ਸਾਂਸਦਾਂ ਨੇ ਰਿਕਾਰਡ ਕਾਇਮ ਕਰ ਦਿੱਤੇ ਹਨ। ਲੋਕ ਸਭਾ ਦੇ ਸੈਸ਼ਨ ਵਿੱਚ ਸਭ ਤੋਂ ਘੱਟ 21 ਫੀਸਦੀ ਹਾਜ਼ਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਸਟਾਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਰਹੀ।
ਜਦਕਿ ਸਭ ਤੋਂ ਵੱਧ 95 ਫੀਸਦੀ ਹਾਜ਼ਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਦੀ ਰਹੀ। ਸਵਾਲ ਪੁੱਛਣ ਦੇ ਮਾਮਲੇ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਸਭ ਤੋਂ ਅੱਗੇ ਰਹੇ, ਇਸ ਵਾਰ ਦੇ ਸਰਦ ਰੁੱਤ ਸੈਸ਼ਨ ਵਿੱਚ ਰਵਨੀਤ ਬਿੱਟੂ ਨੇ 358 ਪੁੱਛ ਕੇ ਮੋਹਰੀ ਰਹੇ।
ਪ੍ਰਾਈਵੇਟ ਬਿੱਲਾਂ ਵਿੱਚ ਸਿਰਫ਼ ਐਮਪੀ ਰਵਨੀਤ ਸਿੰਘ ਬਿੱਟੂ, ਐੱਮਪੀ ਮਨੀਸ਼ ਤਿਵਾੜੀ ਤੇ ਐੱਮਪੀ ਜਸਬੀਰ ਸਿੰਘ ਗਿੱਲ ਨੇ ਹਿੱਸਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਦੇ ਸਰਦ ਰੁਤ ਸੈਸ਼ਨ ਦੌਰਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ 90 ਫੀਸਦੀ ਹਾਜ਼ਰ ਰਹਿ ਕੇ ਸਭ ਤੋਂ ਵੱਧ 358 ਸਵਾਲ ਪੁੱਛੇ ਤੇ 5 ਪ੍ਰਾਈਵੇਟ ਮੈਂਬਰ ਬਿੱਲ ਵਿੱਚ ਹਿੱਸਾ ਲਿਆ।
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਮੈਂਬਰ ਨੇ 95 ਫੀਸਦੀ ਹਾਜ਼ਰੀ ਭਰ ਕੇ 206 ਸਵਾਲ ਪੁੱਛੇ ਤੇ 6 ਪ੍ਰਾਈਵੇਟ ਮੈਂਬਰ ਬਿੱਲ ਵਿੱਚ ਹਿੱਸਾ ਲਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐੱਮਪੀ ਗੁਰਜੀਤ ਸਿੰਘ ਔਜਲਾ ਨੇ 85 ਫੀਸਦੀ ਹਾਜ਼ਰੀ ਭਰ ਕੇ 110 ਸਵਾਲ ਪੁੱਛੇ, ਖਡੂਰ ਸਾਹਿਬ ਹਲਕੇ ਤੋਂ ਐੱਮਪੀ ਜਸਬੀਰ ਸਿੰਘ ਗਿੱਲ ਨੇ 92 ਫੀਸਦੀ ਹਾਜ਼ਰੀ ਭਰ ਕੇ 98 ਸਵਾਲ ਪੁੱਛੇ ਤੇ 2 ਪ੍ਰਾਈਵੇਟ ਮੈਂਬਰ ਬਿੱਲ ਵਿੱਚ ਹਿੱਸਾ ਲਿਆ।
ਸੰਗਰੂਰ ਲੋਕ ਸਭਾ ਹਲਕੇ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ 87 ਫੀਸਦੀ ਹਾਜ਼ਰੀ ਭਰੀ, ਡਾ. ਅਮਰ ਸਿੰਘ ਨੇ 85 ਫੀਸਦੀ ਹਾਜ਼ਰੀ ਭਰ ਕੇ 213 ਸਵਾਲ ਪੁੱਛੇ। ਪਟਿਆਲਾ ਲੋਕ ਸਭਾ ਹਲਕੇ ਤੋਂ ਐੱਮਪੀ ਪਰਨੀਤ ਕੌਰ ਨੇ 85 ਫੀਸਦੀ ਹਾਜ਼ਰੀ ਭਰ ਕੇ 27 ਸਵਾਲ ਪੁੱਛੇ। ਫਰੀਦਕੋਟ ਲੋਕ ਸਭਾ ਹਲਕੇ ਤੋਂ ਐੱਮਪੀ ਮੁਹੰਮਦ ਸਦੀਕ ਨੇ 63 ਫ਼ੀਸਦੀ ਹਾਜ਼ਰੀ ਭਰ ਕੇ 2 ਸਵਾਲ ਪੁੱਛੇ। ਬਠਿੰਡਾ ਲੋਕ ਸਭਾ ਹਲਕੇ ਤੋਂ ਐੱਮਪੀ ਹਰਸਿਮਰਤ ਕੋਰ ਬਾਦਲ ਨੇ 60 ਫੀਸਦੀ ਹਾਜ਼ਰੀ ਭਰ ਕੇ 80 ਸਵਾਲ ਪੁੱਛੇ।