ਜਲੰਧਰ: ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਅੱਜ ਯਾਨੀ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਕਰੀਬ 11 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਟਰੇਨ ‘ਚ ਸ਼ਹਿਰ ਵਾਸੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ, ਕਿਉਂਕਿ ਇਹ ਟਰੇਨ ਤੇਜ਼ ਰਫ਼ਤਾਰ ਨਾਲ ਲੋਕਾਂ ਨੂੰ ਜਲਦੀ ਦਿੱਲੀ ਪਹੁੰਚਾ ਦੇਵੇਗੀ। ਇਹ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਚੱਲੇਗੀ ਅਤੇ ਜਲੰਧਰ ਕੈਂਟ ਸਟੇਸ਼ਨ ‘ਤੇ ਦੋ ਮਿੰਟ ਰੁਕੇਗੀ।
ਅੰਮ੍ਰਿਤਸਰ ਤੋਂ ਚੱਲਣ ਮਗਰੋਂ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਪਹੁੰਚਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਹ ਟਰੇਨ 1.22 ਵਜੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ‘ਤੇ ਪਹੁੰਚੀ। ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਦੇ ਸਵਾਗਤ ਲਈ ਕਰਵਾਏ ਗਏ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਆਦਿ ਤੋਂ ਇਲਾਵਾ ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਰਾਜੇਸ਼ ਬਾਘਾ ਹਾਜ਼ਰ ਸਨ।
ਸਵਾਗਤੀ ਸਮਾਰੋਹ ਵਿੱਚ ਹਾਜ਼ਰ ਸਮੂਹ ਭਾਜਪਾ ਆਗੂਆਂ ਨੇ ਭਾਰਤ ਸਰਕਾਰ ਵੱਲੋਂ ਅੱਜ ਤੋਂ ਸ਼ੁਰੂ ਕੀਤੀ ਗਈ ਇਸ ਰੇਲ ਗੱਡੀ ਨੂੰ ਜਲੰਧਰ ਵਿੱਚ ਰੁਕਵਾਉਣ ਲਈ ਕੇਂਦਰ ਸਰਕਾਰ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈਸ ਦੇ ਪਹੁੰਚਣ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਯਾਨੀ ਕਿ ਅੱਜ ਦੇਸ਼ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 6 ਵੰਦੇ ਭਾਰਤ ਐਕਸਪ੍ਰੈੱਸ ਅਤੇ 2 ਅੰਮ੍ਰਿਤ ਭਾਰਤ ਰੇਲ ਗੱਡੀਆਂ ਦਾ ਸ਼ੁੱਭ ਆਰੰਭ ਕਰਕੇ ਜਨਤਾ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ’ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ, ਅੰਮ੍ਰਿਤਸਰ-ਦਿੱਲੀ, ਕੋਇੰਬਟੂਰ-ਬੰਗਲੌਰ ਕੈਂਟ, ਮੰਗਲੌਰ-ਮਡਗਾਓਂ, ਜਾਲਨਾ ਮੁੰਬਈ ਤੇ ਅੰਤੋਦਿਆ ਧਾਮ-ਆਨੰਦ ਵਿਹਾਰ ਟਰਮੀਨਲ ਸ਼ਾਮਲ ਹਨ, ਜਦਕਿ ਅੰਮ੍ਰਿਤ ਭਾਰਤ ਟਰੇਨਾਂ ’ਚ ਦਰਭੰਗਾ-ਅੰਤੋਦਿਆ ਧਾਮ-ਆਨੰਦ ਵਿਹਾਰ ਟਰਮੀਨਲ ਤੇ ਮਾਲਦਾ ਟਾਊਨ-ਬੈਂਗਲੁਰੂ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਨ੍ਹਾਂ ਅੱਠ ਟਰੇਨਾਂ ਨੂੰ ਹਰੀ ਝੰਡੀ ਦਿੱਤੀ। ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਇਨ੍ਹਾਂ ਟਰੇਨਾਂ ਦੇ ਸਵਾਗਤ ਲਈ ਵੱਖ-ਵੱਖ ਸਟੇਸ਼ਨਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਤੋਂ ਚੱਲਣ ਵਾਲੀਆਂ 2 ਟਰੇਨਾਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਅਤੇ ਅੰਮ੍ਰਿਤਸਰ-ਦਿੱਲੀ ਉਦਘਾਟਨੀ ਟਰੇਨਾਂ ਲਈ ਵੀ ਅੰਮ੍ਰਿਤਸਰ, ਜਲੰਧਰ ਕੈਂਟ, ਲੁਧਿਆਣਾ, ਜੰਮੂ ਤਵੀ ਆਦਿ ਸਟੇਸ਼ਨਾਂ ’ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਲਈ ਤਿਆਰੀਆਂ ਵੀ ਕੀਤੀਆਂ ਗਈਆਂ। ਰੇਲਵੇ ਅਧਿਕਾਰੀ ਸਾਰਾ ਦਿਨ ਤਿਆਰੀਆਂ ’ਚ ਰੁੱਝੇ ਰਹੇ। ਕੈਂਟ ਸਟੇਸ਼ਨ ਦਾ ਨਿਰਮਾਣ ਚੱਲ ਰਿਹਾ ਹੈ ਪਰ ਫਿਰ ਵੀ ਰੇਲਵੇ ਸਟੇਸ਼ਨ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਡੀ ਸਟੇਜ ਵੀ ਸਜਾਈ ਗਈ ਹੈ।