ਕੇਂਦਰੀ ਜਾਂਚ ਏਜੰਸੀਆਂ ਐਨਆਈਏ ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਐਕਸ਼ਨ ਮੋਡ ਵਿੱਚ ਹਨ। ਦੋਵੇਂ ਏਜੰਸੀਆਂ ਪੰਜਾਬ ਵਿੱਚ ਆਪਣੀ ਪਕੜ ਹੋਰ ਮਜਬੂਤ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਲਈ ਦੋਵੇਂ ਏਜੰਸੀਆਂ ਚੰਡੀਗੜ੍ਹ ਵਿੱਚ ਦਫਤਰ ਖੋਲ੍ਹਣ ਜਾ ਰਹੀਆਂ ਹਨ। ਇਸ ਲਈ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਜ਼ਮੀਨ ਵੀ ਅਲਾਟ ਕਰ ਦਿੱਤੀ ਹੈ। ਦਰਅਸਲ ਚੰਡੀਗੜ੍ਹ ਵਿੱਚ ਕੇਂਦਰੀ ਜਾਂਚ ਏਜੰਸੀਆਂ ਐਨਆਈਏ ਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਫ਼ਤਰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ ਵੀ ਸ਼ਹਿਰ ਵਿੱਚ ਭਵਨ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਯੂਟੀ ਪ੍ਰਸ਼ਾਸਨ ਨੇ ਕੇਂਦਰੀ ਜਾਂਦ ਏਜੰਸੀਆਂ ਵੱਲੋਂ ਦਫ਼ਤਰ ਖੋਲ੍ਹਣ ਦੀ ਪੇਸ਼ਕਸ਼ ਤੋਂ ਬਾਅਦ ਜਾਂਚ ਏਜੰਸੀਆਂ ਤੇ ਲੱਦਾਖ ਭਵਨ ਦੇ ਨਿਰਮਾਣ ਲਈ 5.45 ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ। ਯੂਟੀ ਪ੍ਰਸ਼ਾਸਨ ਨੇ ਇਸ ਜ਼ਮੀਨ ਬਦਲੇ 127.30 ਕਰੋੜ ਰੁਪਏ ਵਸੂਲ ਕੀਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੂੰ ਇੰਡਸਟਰੀਅਲ ਏਰੀਆ ਫੇਜ਼-2 ਵਿੱਚ 68.17 ਕਰੋੜ ਰੁਪਏ ਵਿੱਚ ਦੋ ਏਕੜ ਜ਼ਮੀਨ ਅਲਾਟ ਕੀਤੀ ਹੈ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੇ ਐਨਆਈਏ ਨੂੰ ਸੈਕਟਰ-38 ਵਿੱਚ ਇੱਕ ਏਕੜ ਥਾਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਐਨਆਈਏ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਦੋ ਏਕੜ ਜ਼ਮੀਨ ਦੀ ਸ਼ਨਾਖਤ ਕਰਕੇ ਐੱਨਆਈਏ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਯੂਟੀ ਪ੍ਰਸ਼ਾਸਨ ਨੇ ਈਡੀ ਨੂੰ ਚੰਡੀਗੜ੍ਹ ਵਿੱਚ ਦਫ਼ਤਰ ਖੋਲ੍ਹਣ ਲਈ 59.13 ਕਰੋੜ ਰੁਪਏ ਵਿੱਚ 1.73 ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਜ਼ਮੀਨ ਸੈਕਟਰ-38 ਵੈਸਟ ਵਿੱਚ ਸਥਿਤ ਹੈ। ਈਡੀ ਇਸ ਸਮੇਂ ਸੈਕਟਰ-18 ਵਿੱਚ ਸਥਿਤ ਪ੍ਰਿੰਟਿੰਗ ਪ੍ਰੈੱਸ ਦੀ ਇਮਾਰਤ ਵਿੱਚ ਆਪਣਾ ਦਫ਼ਤਰ ਚਲਾ ਰਹੀ ਹੈ। ਈਡੀ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਕੇਸਾਂ ਦੀ ਗਿਣਤੀ ਵਧਣ ਕਰਕੇ ਚੰਡੀਗੜ੍ਹ ਵਿੱਚ ਵੱਡਾ ਦਫ਼ਤਰ ਖੋਲ੍ਹਣ ਲਈ ਵੱਖਰੀ ਜ਼ਮੀਨ ਦੇਣ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਲੱਦਾਖ ਭਵਨ ਦੀ ਉਸਾਰੀ ਲਈ 61.88 ਕਰੋੜ ਰੁਪਏ ਵਿੱਚ 1.72 ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਜ਼ਮੀਨ ਸੈਕਟਰ-33 ਸੀ ਵਿੱਚ ਦਿੱਤੀ ਗਈ ਹੈ।
ਚੰਡੀਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਲੱਦਾਖ ਦੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਜਾਂ ਲੱਦਾਖ ਤੋਂ ਲੋਕ ਇਲਾਜ ਕਰਵਾਉਣ ਲਈ ਪੀਜੀਆਈ ਤੱਕ ਆਉਂਦੇ ਹਨ। ਇਸ ਲਈ ਲੱਦਾਖ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿੱਚ ਆਪਣਾ ਭਵਨ ਖੋਲ੍ਹਣ ਲਈ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੋ ਕੌਮੀ ਜਾਂਚ ਏਜੰਸੀਆਂ ਤੇ ਲੱਦਾਖ ਭਵਨ ਦੀ ਉਸਾਰੀ ਲਈ ਅਲਾਟ ਕੀਤੀ 5.45 ਏਕੜ ਜ਼ਮੀਨ ਲਈ ਪੱਤਰ ਜਾਰੀ ਕਰ ਦਿੱਤੇ ਹਨ। ਇਸ ’ਤੇ ਉਸਾਰੀ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।