Home latest News ਹੁਣ ਅੰਮ੍ਰਿਤਸਰੀਏ ਪੀਣਗੇ ਨਹਿਰੀ ਪਾਣੀ

ਹੁਣ ਅੰਮ੍ਰਿਤਸਰੀਏ ਪੀਣਗੇ ਨਹਿਰੀ ਪਾਣੀ

78
0

ਜਲਦ ਹੀ ਅੰਮ੍ਰਿਤਸਰੀਏ ਨਹਿਰੀ ਪਾਣੀ ਪੀਣਗੇ। ਸ਼ਹਿਰਵਾਸੀਆਂ ਨੂੰ ਜ਼ਮੀਨ ਹੇਠਲੇ ਪਾਣੀ ਦੀ ਥਾਂ ਸਾਫ਼-ਸੁਥਰਾ ਨਹਿਰੀ ਪਾਣੀ ਮਿਲੇਗਾ ਜਿਸ ਨੂੰ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਵੱਲ੍ਹਾ ਵਿੱਚ ਵਾਟਰ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਇਹ ਪਲਾਂਟ ਜੁਲਾਈ ਤੱਕ ਮੁਕੰਮਲ ਹੋ ਜਾਵੇਗਾ ਜਿਸ ਨਾਲ ਸ਼ਹਿਰਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦਿੱਤੀ। ਉਹ ਇਸ ਵੇਲੇ ਨਗਰ ਨਿਗਮ ਦੇ ਕਮਿਸ਼ਨਰ ਵੀ ਹਨ। ਵੱਲ੍ਹਾ ਵਿੱਚ ਇਸ ਸਬੰਧੀ ਬਣ ਰਹੇ ਵਾਟਰ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਦੱਸਿਆ ਕਿ ਲਗਪਗ 665.32 ਕਰੋੜ ਰੁਪਏ ਇਸ ਪ੍ਰਾਜੈਕਟ ’ਤੇ ਖਰਚ ਹੋਣਗੇ। ਜੁਲਾਈ 2021 ਵਿੱਚ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਤਿੰਨ ਸਾਲ ਦੇ ਅੰਦਰ ਇਸ ਨੂੰ ਮੁਕੰਮਲ ਕੀਤਾ ਜਾਣਾ ਹੈ।

ਇਸ ਵਾਟਰ ਟਰੀਟਮੈਂਟ ਪਲਾਂਟ ਵਿੱਚ 440 ਐਮ.ਐਲ.ਡੀ. ਵਾਟਰ ਟਰੀਟਮੈਂਟ ਪਲਾਂਟ ਬਣਾਉਣ ਤੋਂ ਇਲਾਵਾ 122 ਕਿਲੋਮੀਟਰ ਪਾਈਪਲਾਈਨ ਵਿਛਾਉਣ ਅਤੇ 51 ਨਵੇਂ ਪਾਣੀ ਦੀ ਭੰਡਾਰ ਬਣਾਏ ਜਾਣਗੇ। ਉਨਾਂ ਦੱਸਿਆ ਕਿ 58 ਫੀਸਦੀ ਪਾਈਪਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 25 ਪਾਣੀ ਦੀ ਭੰਡਾਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ 50 ਫੀਸਦੀ ਵਾਟਰ ਟਰੀਟਮੈਂਟ ਪਲਾਂਟ ਦੇ ਸਿਵਲ ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਸ ਪ੍ਰਾਜੈਕਟ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਤੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰ ਕੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰਵਾਸੀਆਂ ਲਈ ਮਹੱਤਵਪੂਰਨ ਹੋਵੇਗਾ ਤੇ ਉਨ੍ਹਾਂ ਨੂੰ ਨਿਰਵਿਘਨ ਸਾਫ਼ ਸੁਥਰੇ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ। ਇਸ ਮੌਕੇ ਪ੍ਰਾਜੈਕਟ ਇੰਚਾਰਜ ਲਤਾ ਚੌਹਾਨ, ਜੁਆਇੰਟ ਕਮਿਸ਼ਨਰ ਹਰਦੀਪ ਸਿੰਘ, ਐਸ.ਈ. ਸੰਦੀਪ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ।

Previous articleਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Next articleਪੰਜਾਬ ‘ਚ ਅਗਲੇ 3 ਦਿਨ ਪਏਗੀ ਕੜਾਕੇ ਦੀ ਠੰਡ

LEAVE A REPLY

Please enter your comment!
Please enter your name here