ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਭਾਰਤ ਦੇ ਸਭ ਤੋਂ ਲੋਕਪ੍ਰਿਯ ਪੇਮੈਂਟ ਮੈਥੇਡ ’ਚੋਂ ਇਕ ਹੈ। ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੀ ਵਰਤੋਂ ਨਾਲ ਤੁਸੀਂ ਚੁਟਕੀਆਂ ’ਚ ਲੈਣ-ਦੇਣ ਕਰ ਸਕਦੇ ਹੋ। ਇਹ ਇਕ ਇੰਸਟੈਂਟ ਰੀਅਲ ਟਾਈਮ ਪੇਮੈਂਟ ਸਿਸਟਮ ਹੈ, ਜਿਸ ਨੂੰ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਵਲੋਂ ਡਿਵੈੱਲਪ ਕੀਤਾ ਗਿਆ ਹੈ। ਇਸ ਨਾਲ ਯੂਜ਼ਰਸ ਨੂੰ ਇਕ ਹੀ ਮੋਬਾਇਲ ਐਪਲੀਕੇਸ਼ਨ ਵਿਚ ਕਈ ਬੈਂਕ ਖਾਤਿਆਂ ਨੂੰ ਜੋੜ ਸਕਦੇ ਹਨ ਅਤੇ ਆਪਣੇ ਮਨਚਾਹੇ ਬੈਂਕ ਅਕਾਊਂਟ ’ਚੋਂ ਪੈਸਿਆਂ ਦਾ ਭੁਗਤਾਨ ਕਰ ਸਕਦੇ ਹਨ। ਜਨਤਕ ਵਰਤੋਂ ਲਈ ਇਸ ਨੂੰ ਅਧਿਕਾਰਕ ਤੌਰ ’ਤੇ 2016 ਵਿਚ ਲਾਂਚ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਇਸ ਵਿਚ ਕਈ ਬਦਲਾਅ ਵੀ ਹੋਏ ਹਨ।
ਇਨਐਕਟਿਵ UPI ਆਈ. ਡੀ.
ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਬੈਂਕਾਂ ਅਤੇ ਗੂਗਲ ਪੇਅ, ਪੇਅ. ਟੀ. ਐੱਮ. ਅਤੇ ਫੋਨਪੇਅ ਵਰਗੇ ਆਨਲਾਈਨ ਭੁਗਤਾਨ ਐਪਸ ਨੂੰ ਇਕ ਸਾਲ ਤੋਂ ਵੱਧ ਸਮੇਂ ਤੋਂ ਇਨਐਕਟਿਵ ਪਏ ਸਾਰੇ UPI ਆਈ. ਡੀ. ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਐੱਨ. ਪੀ. ਸੀ. ਆਈ. ਦੀਆਂ ਗਾਈਡਲਾਈਨਜ਼ ’ਚ ਕਿਹਾ ਗਿਆ ਹੈ ਕਿ ਜੇ ਕੋਈ UPI ਯੂਜ਼ਰ ਇਕ ਸਾਲ ਤੱਕ ਆਪਣੇ UPI ਅਕਾਊਂਟ ’ਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਟ੍ਰਾਂਜੈਕਸ਼ਨ ਨਹੀਂ ਕਰਦਾ ਹੈ ਤਾਂ ਉਸ ਦੀ UPI ਆਈ. ਡੀ. ਬੰਦ ਕਰ ਦਿੱਤੀ ਜਾਏਗੀ।
ਸੈਕੰਡਰੀ ਮਾਰਕੀਟ ਲਈ UPI
ਐੱਨ. ਪੀ. ਸੀ. ਆਈ. ਨੇ ਦੇਸ਼ ਵਿਚ ਇਕਵਿਟੀ ਟ੍ਰੇਡਿੰਗ ਨੂੰ ਸੌਖਾਲਾ ਬਣਾਉਂਦੇ ਹੋਏ ਅਧਿਕਾਰਕ ਤੌਰ ’ਤੇ ‘ਸੈਕੰਡਰੀ ਮਾਰਕੀਟ ਲਈ UPI’ ਲਾਂਚ ਕੀਤਾ। ਇਹ ਆਪਣੇ ਬੀਟਾ ਫੇਜ਼ ’ਚ ਐਂਟਰੀ ਕਰ ਚੁੱਕਾ ਹੈ। ਐਪ ਸੀਮਿਤ ਪਾਇਲਟ ਗਾਹਕਾਂ ਨੂੰ ਫੰਡ ਟਰਾਂਸਫਰ ਤੋਂ ਬਾਅਦ ਫੰਡ ਨੂੰ ਬਲਾਕ ਕਰਨ, ਕਲੀਅਰਿੰਗ ਕਾਰਪੋਰੇਸ਼ਨ ਦੇ ਮਾਧਿਅਮ ਰਾਹੀਂ ਟੀ1 ਆਧਾਰ ’ਤੇ ਭੁਗਤਾਨ ਦਾ ਨਿਪਟਾਰਾ ਕਰਨ ’ਚ ਸਮਰੱਥ ਬਣਾਉਂਦਾ ਹੈ।
ਲੈਣ-ਦੇਣ ਲਿਮਿਟ
ਕੇਂਦਰੀ ਬੈਂਕ ਨੇ UPI ਭੁਗਤਾਨ ਲਈ ਲੈਣ-ਦੇਣ ਦੀ ਲਿਮਿਟ ਨੂੰ ਕਾਫ਼ੀ ਹੱਦ ਤੱਕ ਵਧਾ ਦਿੱਤਾ ਹੈ। ਦਸੰਬਰ ਵਿਚ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਹੋਰ ਲਿਮਿਟ ਵਾਧੇ ਦਾ ਐਲਾਨ ਕੀਤਾ। ਹੁਣ ਇਹ ਲਿਮਿਟ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਹ ਲਿਮਿਟ ਹਸਪਤਾਲਾਂ ਅਤੇ ਸਿੱਖਿਅਕ ਸੰਸਥਾਨਾਂ ਨੂੰ ਭੁਗਤਾਨ ਲਈ ਲਾਗੂ ਹੋਵੇਗੀ।
ਕਿਊ. ਆਰ. ਕੋਡ ਰਾਹੀਂ ਨਕਦ ਨਿਕਾਸੀ
ਐੱਨ. ਪੀ. ਸੀ. ਆਈ. ਅਤੇ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਭਾਰਤ ਦਾ ਪਹਿਲਾ UPI-ਏ. ਟੀ. ਐੱਮ. ਲਾਂਚ ਕਰਨ ਲਈ ਹੱਥ ਮਿਲਾਇਆ ਹੈ। ਇਹ ਸਿਰਫ ਕਿਊ. ਆਰ. ਕੋਡ ਨੂੰ ਸਕੈਨ ਕਰ ਕੇ ਨਕਦ ਨਿਕਾਸੀ ਨੂੰ ਸਮਰੱਥ ਬਣਾਉਂਦਾ ਹੈ। ਆਰ. ਬੀ. ਆਈ. ਦੇਸ਼ ਭਰ ਵਿਚ UPI ਏ. ਟੀ. ਐੱਮ. ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
4 ਘੰਟਿਆਂ ਦੀ ਮਿਆਦ
UPI ਲੈਣ-ਦੇਣ ਨੂੰ ਸੁਰੱਖਿਅਤ ਅਤੇ ਯੂਜ਼ਰਸ ਨੂੰ ਧੋਖਾਦੇਹੀ ਤੋਂ ਬਚਾਉਣ ਲਈ ਆਰ. ਬੀ. ਆਈ. ਨੇ ਨਵੇਂ ਪ੍ਰਾਪਤਕਰਤਾਵਾਂ ਨੂੰ 2000 ਰੁਪਏ ਤੋਂ ਵੱਧ ਦਾ ਪਹਿਲਾ ਭੁਗਤਾਨ ਕਰਨ ਵਾਲੇ ਯੂਜ਼ਰਸ ਲਈ 4 ਘੰਟਿਆਂ ਦੀ ਸਮਾਂ ਹੱਦ ਦਾ ਪ੍ਰਸਤਾਵ ਦਿੱਤਾ ਹੈ। ਪੇਸ਼ ਯੋਜਨਾ ਮੁਤਾਬਕ ਜਦੋਂ ਵੀ ਕੋਈ ਯੂਜ਼ਰਸ ਕਿਸੇ ਹੋਰ ਯੂਜ਼ਰਸ ਨੂੰ 2000 ਰੁਪਏ ਤੋਂ ਵੱਧ ਦਾ ਪਹਿਲਾ ਭੁਗਤਾਨ ਕਰੇਗਾ ਤਾਂ ਚਾਰ ਘੰਟਿਆਂ ਦੀ ਸਮਾਂ ਹੱਦ ਲਾਗੂ ਹੋਵੇਗੀ।