ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਰਹਿਣ ਵਾਲੇ ਕ੍ਰਿਸ਼ਨਾ ਬੀ ਪਾਠਕ ਨੂੰ ਰਾਸ਼ਟਰਪਤੀ ਭਵਨ, ਦਿੱਲੀ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਦੇਸ਼ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ। ਇਸ ਵਿੱਚ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨਾ ਬਹਾਦੁਰ ਪਾਠਕ ਨੇ ਸਾਲ 2023 ਵਿੱਚ ਹਾਂਗਕਾਂਗ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਦੂਜੇ ਗੋਲਕੀਪਰ ਵਜੋਂ ਅਹਿਮ ਭੂਮਿਕਾ ਨਿਭਾਈ, ਜਿਸ ਦੀ ਬਦੌਲਤ ਦੇਸ਼ ਨੇ ਸੋਨ ਤਗ਼ਮਾ ਜਿੱਤਿਆ। ਪਾਠਕ ਨੇ ਅਰਜੁਨ ਐਵਾਰਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹ ਆਪਣੇ ਚਾਚੇ ਨਾਲ ਰਾਸ਼ਟਰਪਤੀ ਭਵਨ ਪਹੁੰਚਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ ਪਰ ਆਰਥਿਕ ਤੰਗੀ ਕਾਰਨ ਉਸ ਕੋਲ ਨਾ ਤਾਂ ਹਾਕੀ ਸੀ ਅਤੇ ਨਾ ਹੀ ਜੁੱਤੀ। ਪਰ ਉਸਦਾ ਜਨੂੰਨ ਉਸਨੂੰ ਭਾਰਤੀ ਟੀਮ ਵਿੱਚ ਲੈ ਗਿਆ। ਕਈ ਵਾਰ ਉਹ ਮੈਦਾਨ ‘ਤੇ ਨੰਗੇ ਪੈਰੀਂ ਅਤੇ ਪੁਰਾਣੇ ਬੂਟਾਂ ਨਾਲ ਖੇਡਦਾ ਸੀ। ਸੀਨੀਅਰ ਖਿਡਾਰੀ ਉਸ ਨੂੰ ਪੁਰਾਣੀ ਹਾਕੀ ਸਟਿੱਕ ਦਿੰਦੇ ਸਨ, ਤਾਂ ਜੋ ਉਸ ਦੀ ਖੇਡ ਜਾਰੀ ਰਹਿ ਸਕੇ। ਸਾਲ 2023 ‘ਚ ਭਾਰਤੀ ਹਾਕੀ ਟੀਮ ਲਈ ਖੇਡਦੇ ਹੋਏ ਕ੍ਰਿਸ਼ਨਾ ਨੇ ਏਸ਼ੀਆਈ ਖੇਡਾਂ ‘ਚ ਦੇਸ਼ ਲਈ ਸੋਨ ਤਮਗਾ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਕ੍ਰਿਸ਼ਨਾ ਜੂਨੀਅਰ ਵਿਸ਼ਵ ਕੱਪ ਜੇਤੂ ਵੀ ਹੈ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਇਸ ਵਾਰ ਉਸ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ। ਅਰਜੁਨ ਐਵਾਰਡ ਪ੍ਰਾਪਤ ਕਰਕੇ RCF ਦੇ ਨਾਲ-ਨਾਲ ਕਪੂਰਥਲਾ ਅਤੇ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੈ।
ਸਾਲ 2021 ਵਿੱਚ ਜਦੋਂ ਕ੍ਰਿਸ਼ਨਾ ਪਾਠਕ ਓਲੰਪਿਕ ਵਿੱਚ ਖੇਡਣ ਤੋਂ ਬਾਅਦ RCF ਵਿੱਚ ਪਰਤਿਆ ਤਾਂ ਭਾਰਤੀ ਟੀਮ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਇਸ ਦੌਰਾਨ ਸਰਕਾਰ ਨੇ ਭਾਰਤੀ ਹਾਕੀ ਟੀਮ ਵਿੱਚ ਖੇਡਣ ਵਾਲੇ ਖਿਡਾਰੀਆਂ ਦੇ ਨਾਂ ’ਤੇ ਸਰਕਾਰੀ ਸਕੂਲਾਂ ਦਾ ਨਾਂ ਰੱਖਣ ਦਾ ਐਲਾਨ ਵੀ ਕੀਤਾ ਸੀ। ਜਿਸ ਵਿੱਚ ਕਪੂਰਥਲਾ ਦੇ ਪਿੰਡ ਹੁਸੈਨਪੁਰ ਦੇ ਸਰਕਾਰੀ ਸਕੂਲ ਦਾ ਨਾਂ ਓਲੰਪੀਅਨ ਕ੍ਰਿਸ਼ਨਾ ਬੀ ਪਾਠਕ ਦੇ ਨਾਂ ’ਤੇ ਰੱਖਿਆ ਗਿਆ।