ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ‘ਚ ਨਿਊਯਾਰਕ ਦੀ ਅਦਾਲਤ ਨੇ ਅਮਰੀਕੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਨਿਖਿਲ ਗੁਪਤਾ ਨੂੰ ਉਨ੍ਹਾਂ ਸਬੂਤਾਂ ਦੀ ਜਾਣਕਾਰੀ ਦੇਵੇ, ਜਿਨ੍ਹਾਂ ਦੇ ਆਧਾਰ ‘ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਦਾਲਤ ‘ਚ ਨਿਖਿਲ ਗੁਪਤਾ ਦੇ ਵਕੀਲ ਨੇ ਆਪਣੇ ਮੁਵੱਕਲ ‘ਤੇ ਲੱਗੇ ਦੋਸ਼ਾਂ ਦੇ ਸਬੂਤਾਂ ਦੀ ਜਾਣਕਾਰੀ ਮੰਗੀ ਹੈ, ਜਿਸ ਨਾਲ ਉਹ ਉਸ ਦਾ ਬਚਾਅ ਕਰ ਸਕੇ।
ਅਮਰੀਕਾ ਦੇ ਜੱਜ ਵਿਕਟਰ ਮਾਰੇਰੋ ਨੇ ਅਮਰੀਕੀ ਸਰਕਾਰ ਨੂੰ ਦਿੱਤੇ ਹੁਕਮ ‘ਚ ਤਿੰਨ ਦਿਨਾਂ ਅੰਦਰ ਸਬੂਤਾਂ ਦੀ ਜਾਣਕਾਰੀ ਗੁਪਤਾ ਦੇ ਵਕੀਲ ਨੂੰ ਦੇਣ ਲਈ ਕਿਹਾ ਹੈ। 52 ਸਾਲਾ ਗੁਪਤਾ ‘ਤੇ ਦੋਸ਼ ਹਨ ਕਿ ਉਸ ਨੇ ਪੰਨੂ ਦੀ ਹੱਤਿਆ ਕਰਵਾਉਣ ਲਈ ਸੁਪਾਰੀ ਲਈ ਸੀ। ਅਦਾਲਤ ‘ਚ ਪੇਸ਼ ਮਾਮਲੇ ‘ਚ ਦੱਸਿਆ ਗਿਆ ਹੈ ਕਿ ਗੁਪਤਾ ਜਦੋਂ ਹੱਤਿਆ ਲਈ ਅਪਰਾਧੀ ਦੀ ਤਲਾਸ਼ ਕਰ ਰਿਹਾ ਸੀ ਤਾਂ ਸਾਜ਼ਿਸ਼ ਤੋਂ ਪਰਦਾ ਉੱਠ ਗਿਆ। ਅਮਰੀਕੀ ਨਿਆਂ ਵਿਭਾਗ ਨੇ 29 ਨਵੰਬਰ 2023 ਨੂੰ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਨਿਖਿਲ ਗੁਪਤਾ ਉਰਫ਼ ਨਿੱਕ ਵਿਰੁੱਧ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਦੇ ਸਮੇਂ ਨਿਆਂ ਵਿਭਾਗ ਨੇ ਉਸ ਵਿਅਕਤੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਿਸ ਦੇ ਕਤਲ ਦੀ ਯੋਜਨਾ ਬਣਾਈ ਗਈ ਸੀ, ਪਰ ਅਮਰੀਕੀ ਮੀਡੀਆ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ।