ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸ਼ੁੱਕਰਵਾਰ ਤੋਂ 11 ਦਿਨਾਂ ਦੀਆਂ ਵਿਸ਼ੇਸ਼ ਰਸਮਾਂ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜੋ ਅਨੁਭਵ ਕਰ ਰਹੇ ਹਨ, ਉਹ ਉਹਨਾਂ ਦੀ ਜ਼ਿੰਦਗੀ ਵਿਚ ਪਹਿਲਾਂ ਕਦੇ ਨਹੀਂ ਹੋਇਆ।
ਪੀਐੱਮ ਮੋਦੀ ਨੇ ਭਾਵੁਕ ਹੋ ਕੇ ਕਿਹਾ, “ਮੈਂ ਭਾਵੁਕ ਹਾਂ ਅਤੇ ਭਾਵਨਾਵਾਂ ਨਾਲ ਭਰਿਆ ਹੋਇਆ ਹਾਂ। ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਅਜਿਹੇ ਜਜ਼ਬਾਤ ਵਿਚੋਂ ਗੁਜ਼ਰ ਰਿਹਾ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਸੁਪਨਾ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜੋ ਕਈ ਪੀੜ੍ਹੀਆਂ ਸਾਲਾਂ ਤੋਂ ਇੱਕ ਸੰਕਲਪ ਵਾਂਗ ਉਨ੍ਹਾਂ ਦੇ ਦਿਲਾਂ ਵਿਚ ਵਸਿਆ ਹੋਇਆ ਹੈ, ਜੋ ਸਾਕਾਰ ਹੋ ਰਿਹਾ ਹੈ। ਮੋਦੀ ਨੇ ਇਕ ਆਡੀਓ ਸੰਦੇਸ਼ ‘ਚ ਕਿਹਾ ਕਿ ਉਨ੍ਹਾਂ ਦੀ ਅੰਤਰ ਆਤਮਾ ਦੀ ਇਹ ਯਾਤਰਾ ਪ੍ਰਗਟਾਵੇ ਦਾ ਮੌਕਾ ਨਹੀਂ ਸਗੋਂ ਅਨੁਭਵ ਦਾ ਮੌਕਾ ਹੈ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹੋਏ ਵੀ ਇਸ ਦੀ ਡੂੰਘਾਈ, ਚੌੜਾਈ ਅਤੇ ਤੀਬਰਤਾ ਨੂੰ ਸ਼ਬਦਾਂ ਵਿਚ ਬਿਆਨ ਕਰਨ ਵਿਚ ਅਸਮਰੱਥ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰੇ ਭਾਰਤੀਆਂ ਅਤੇ ਭਗਵਾਨ ਰਾਮ ਦੇ ਭਗਤਾਂ ਲਈ ਇੱਕ ਪਵਿੱਤਰ ਮੌਕਾ ਹੈ ਅਤੇ ਹਰ ਕੋਈ 22 ਜਨਵਰੀ ਨੂੰ ਉਸ ਇਤਿਹਾਸਕ ਪਲ ਦੀ ਉਡੀਕ ਕਰ ਰਿਹਾ ਹੈ ਜਦੋਂ ਭਗਵਾਨ ਰਾਮ ਦੀ ਮੂਰਤੀ ਅਯੁੱਧਿਆ ਵਿਚ ਸਥਾਪਿਤ ਕੀਤੀ ਜਾਵੇਗੀ, ਜਿਸ ਨੂੰ ਸ਼ਰਧਾਲੂ ਉਨ੍ਹਾਂ ਦਾ ਜਨਮ ਸਥਾਨ ਮੰਨਦੇ ਹਨ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਪਲ ਦਾ ਗਵਾਹ ਹੋਣਾ ਉਨ੍ਹਾਂ ਦੀ ਖੁਸ਼ਕਿਸਮਤੀ ਹੈ। ਪੀਐਮਮੋਦੀ ਨੇ ਕਿਹਾ ਕਿ ਪ੍ਰਭੂ ਨੇ ਉਨ੍ਹਾਂ ਨੂੰ ‘ਪ੍ਰਾਣ ਪ੍ਰਤੀਸਠਾ’ ਦੌਰਾਨ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਨ ਦਾ ਸਾਧਨ ਬਣਾਇਆ ਹੈ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਹ 11 ਦਿਨਾਂ ਦੀ ਵਿਸ਼ੇਸ਼ ਰਸਮ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ, “ਮੈਂ ਤੁਹਾਡੇ ਸਾਰਿਆਂ ਤੋਂ, ਜਨਤਾ ਤੋਂ ਆਸ਼ੀਰਵਾਦ ਮੰਗ ਰਿਹਾ ਹਾਂ।”