ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਡ ਅਤੇ ਠੰਡੀ ਹਵਾ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਘੱਟੋ-ਘੱਟ ਤਾਪਮਾਨ 3 ਡਿਗਰੀ ਦੇ ਕਰੀਬ ਹੋਣ ਕਾਰਨ ਗੁਰਦਾਸਪੁਰ ਜ਼ਿਲ੍ਹਾ ਸ਼ਿਮਲੇ ਅਤੇ ਡਲਹੌਜ਼ੀ ਨਾਲ ਵੀ ਠੰਡਾ ਰਿਹਾ। ਇਸ ਦੇ ਨਾਲ ਹੀ ਅੱਜ ਵੀ ਸੂਰਜਾ ਦੇਵਤਾ ਦੇ ਦਰਸ਼ਨ ਨਹੀਂ ਹੋਏ ਅਤੇ ਸੰਘਣੀ ਧੁੰਦ ਨੇ ਆਮ ਜਨ-ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਮੌਸਮ ਵਿਭਾਗ ਵੱਲੋਂ ਦਿਨ-ਰਾਤ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ’ਚ ਹੋਰ ਧੁੰਦ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 13 ਜਨਵਰੀ ਯਾਨੀ ਅੱਜ ਪੰਜਾਬ ’ਚ ਤੇਜ਼ ਹਵਾਵਾਂ ਚੱਲਣਗੀਆਂ ਅਤੇ 4-5 ਦਿਨਾਂ ਤੱਕ ਧੁੰਦ ਦਾ ਕਹਿਰ ਜਾਰੀ ਰਹੇਗਾ। ਸਮੁੱਚੇ ਪੰਜਾਬ ’ਚ ਫਰੀਦਕੋਟ ’ਚ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ’ਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਗੁਰਦਾਸਪੁਰ ’ਚ 3.4, ਐੱਸ. ਬੀ. ਐੱਸ. ਨਗਰ ’ਚ 5.4, ਅੰਮ੍ਰਿਤਸਰ ’ਚ 5.6 ਅਤੇ ਲੁਧਿਆਣਾ ’ਚ 6.3 ਡਿਗਰੀ ਰਿਹਾ। ਬੀਤੇ ਦਿਨ ਸਵੇਰੇ 9 ਵਜੇ ਦੇ ਕਰੀਬ ਗੁਰਦਾਸਪੁਰ ਦਾ ਤਾਪਮਾਨ 3 ਡਿਗਰੀ ਸੀ, ਜਦੋਂਕਿ ਸ਼ਿਮਲੇ ’ਚ ਸਵੇਰੇ ਇਸ ਵੇਲੇ 9 ਡਿਗਰੀ ਦੇ ਕਰੀਬ ਤਾਪਮਾਨ ਸੀ, ਅਜੇ ਡਲਹੌਜ਼ੀ ’ਚ ਵੀ 9-10 ਡਿਗਰੀ ਦੇ ਕਰੀਬ ਤਾਪਮਾਨ ਸੀ। ਇਸ ਦੇ ਨਾਲ ਹੀ ਅੱਜ ਵੀ ਪੂਰਾ ਦਿਨ ਸੂਰਜ ਦੇਵ ਦੇ ਦਰਸ਼ਨ ਨਹੀਂ ਹੋਏ ਅਤੇ ਲੋਕ ਸਾਰਾ ਦਿਨ ਠੰਡ ’ਚ ਠਰਦੇ ਰਹੇ। ਦੁਕਾਨਦਾਰ ਵੀ ਵਿਹਲੇ ਬੈਠੇ ਕੇ ਅੱਗ ਸੇਕ ਕੇ ਘਰ ਚਲੇ ਗਏ ਅਤੇ ਕਾਰੋਬਾਰਾਂ ’ਚ ਵੀ ਮੰਦੀ ਰਹੀ।