ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ‘ਰਾਸ਼ਟਰ ਧਰਮ’ ਮੈਗਜ਼ੀਨ ਦੇ ਆਗਾਮੀ ਵਿਸ਼ੇਸ਼ ਐਡੀਸ਼ਨ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਕਿਹਾ ਹੈ ਕਿ ਕਿਸਮਤ ਨੇ ਫੈਸਲਾ ਕੀਤਾ ਸੀ ਕਿ ਅਯੁੱਧਿਆ ਵਿਚ ਭਗਵਾਨ ਰਾਮ ਦਾ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ ਅਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਿਆ।
ਆਪਣੇ ਲੇਖ ‘ਰਾਮ ਮੰਦਰ ਨਿਰਮਾਣ, ਇਕ ਦਿਵਯ ਸਵਪ ਦੀ ਪੂਰਤੀ’ ਵਿਚ ਅਡਵਾਨੀ (96) ਨੇ ਰਾਮ ਮੰਦਰ ਦੀ ਉਸਾਰੀ ਲਈ 33 ਸਾਲ ਪਹਿਲਾਂ ਕੱਢੀ ਗਈ ਰੱਥ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਰੱਥ ਯਾਤਰਾ ਨੂੰ 33 ਸਾਲ ਪੂਰੇ ਹੋ ਗਏ ਹਨ। 25 ਸਤੰਬਰ 1990 ਦੀ ਸਵੇਰ ਨੂੰ ਜਦੋਂ ਅਸੀਂ ਰੱਥ ਯਾਤਰਾ ਸ਼ੁਰੂ ਕੀਤੀ ਸੀ ਤਾਂ ਸਾਨੂੰ ਨਹੀਂ ਪਤਾ ਸੀ ਕਿ ਜਿਸ ਆਸਥਾ ਨਾਲ ਅਸੀਂ ਭਗਵਾਨ ਰਾਮ ਵੱਲ ਇਸ ਯਾਤਰਾ ਦੀ ਸ਼ੁਰੂਆਤ ਕਰ ਰਹੇ ਸੀ, ਉਹ ਦੇਸ਼ ਵਿੱਚ ਇੱਕ ਅੰਦੋਲਨ ਦਾ ਰੂਪ ਲੈ ਲਵੇਗੀ। ਹਿੰਦੀ ਮੈਗਜ਼ੀਨ ਰਾਸ਼ਟਰ ਧਰਮ ਦੇ ਵਿਸ਼ੇਸ਼ ਐਡੀਸ਼ਨ ਵਿਚ ਛਪੇ ਆਪਣੇ ਲੇਖ ‘ਚ ਅਡਵਾਨੀ ਨੇ ਜ਼ਿਕਰ ਕੀਤਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਰੱਥ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਸਨ।