ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਚੱਲਦਿਆਂ ਹਰਿਆਣਾ ਵਿੱਚ ਵੀ 22 ਜਨਵਰੀ ਦੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। CM ਮੋਹਰ ਲਾਲ ਖੱਟਰ ਨੇ ਇਹ ਐਲਾਨ ਕੀਤਾ ਹੈ। CM ਖੱਟਰ ਸੋਮਵਾਰ ਨੂੰ ਪੰਚਕੂਲਾ ਦੇ ਸੈਕਟਰ-32 ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 500 ਸਾਲ ਬਾਅਦ ਇਹ ਸੰਜੋਗ ਬਣਿਆ ਹੈ। ਪੂਰਾ ਦੇਸ਼ ਭਗਵਾਨ ਰਾਮ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ ਤੇ ਲੋਕ ਆਪਣੇ-ਆਪਣੇ ਤਰੀਕੇ ਨਾਲ ਇਸ ਸਮਾਗਮ ਨੂੰ ਮਨਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਮੈਨੂੰ ਕੁਝ ਲੋਕਾਂ ਨੇ ਕਿਹਾ ਕਿ 22 ਜਨਵਰੀ ਨੂੰ ਡ੍ਰਾਈ ਡੇਅ ਐਲਾਨਿਆ ਜਾਵੇ। ਕੁਝ ਲੋਕ ਅਜਿਹੇ ਵੀ ਸਨ, ਜੋ ਸ਼ਰਾਬ ਪੀਂਦੇ ਹਨ, ਇੱਥੋਂ ਤੱਕ ਉਨ੍ਹਾਂ ਨੇ ਵੀ 22 ਜਨਵਰੀ ਨੂੰ ਡ੍ਰਾਈ ਡੇਅ ਐਲਾਨਣ ਦੀ ਅਪੀਲ ਕੀਤੀ ਸੀ ਤੇ ਅੱਖਾਂ ਸੀ ਕਿ ਕੀ ਪਤਾ ਇਸ ਬਹਾਨੇ ਉਨ੍ਹਾਂ ਦੀ ਵੀ ਸ਼ਰਾਬ ਛੁੱਟ ਜਾਵੇ। ਗੌਰਤਲਬ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਦੇ ਲਈ ਹਰਿਆਣਾ ਦੇ 165 ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਇਨ੍ਹਾਂ ਵਿੱਚ 100 ਸਾਧੂ-ਸੰਤ, 65 ਉਦਯੋਗਪਤੀ, ਸਮਾਜਸੇਵੀ ਤੇ ਅੰਤਰਰਾਸ਼ਟਰੀ ਖਿਡਾਰੀ ਸ਼ਾਮਿਲ ਹਨ।
ਦੱਸ ਦੇਈਏ ਕਿ ਹਰਿਆਣਾ ਤੋਂ ਇਲਾਵਾ ਦੇਸ਼ ਦੇ ਪੰਜ ਹੋਰ ਰਾਜਾਂ ਵਿੱਚ 22 ਜਨਵਰੀ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਨ੍ਹਾਂ ਰਾਜਾਂ ਵਿੱਚ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਆਸਾਮ, ਉੱਤਰਾਖੰਡ ਤੇ ਛੱਤੀਸਗੜ੍ਹ ਸ਼ਾਮਿਲ ਹਨ।