ਸੋਹਣੇ ਸ਼ਹਿਰ ਚੰਡੀਗੜ੍ਹ ਦੀ ਆਬੋ-ਹਵਾ ਜ਼ਹਿਰੀਲੀ ਹੋ ਗਈ ਹੈ। ਐਤਵਾਰ ਨੂੰ ਸ਼ਹਿਰ ਦਾ ਏਕਿਊਆਈ ਲੈਵਲ ਦਿੱਲੀ ਨਾਲੋਂ ਵੀ ਮਾੜਾ ਹੋ ਗਿਆ। ਵਿਗੜਦੀ ਆਬੋ-ਹਵਾ ਨੂੰ ਵੇਖ ਯੂਟੀ ਪ੍ਰਸਾਸ਼ਨ ਅਲਰਟ ਹੋ ਗਿਆ ਹੈ। ਇਸ ਲਈ ਨਿਰਮਾਣ ਕਾਰਜ ਰੋਕਣ ਦੀ ਅਪੀਲ ਕੀਤੀ ਗਈ ਹੈ ਤੇ ਸ਼ਹਿਰ ਵਿੱਚ ਪਾਣੀ ਦਾ ਛਿੜਕਾਅ ਦੇ ਆਦੇਸ਼ ਦਿੱਤੇ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਹਵਾ ਜਨਵਰੀ ਮਹੀਨੇ ਵਿੱਚ ਵਿਗੜ ਗਈ ਹੈ। ਐਤਵਾਰ ਨੂੰ ਸਿਟੀ ਬਿਊਟੀਫੁੱਲ ਚੰਡੀਗੜ੍ਹ ਕੌਮੀ ਰਾਜਧਾਨੀ ਦਿੱਲੀ ਨਾਲੋਂ ਵੀ ਵੱਧ ਦੂਸ਼ਿਤ ਰਿਹਾ। ਸਿਟੀ ਬਿਊਟੀਫੁੱਲ ਵਿੱਚ ਏਕਿਊਆਈ ਲੈਵਲ 400 ਨੂੰ ਵੀ ਪਾਰ ਕਰ ਗਿਆ।
ਸ਼ਹਿਰ ਵਿੱਚ ਪ੍ਰਦੂਸ਼ਣ ਵੱਧਣ ਕਰ ਕੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਰਕੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਪਾਣੀ ਦਾ ਛਿੜਕਾਅ ਕਰਨ ਦੇ ਆਦੇਸ਼ ਦਿੱਤੇ ਹਨ। ਸੀਪੀਸੀਸੀ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਪਾਣੀ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਵਾ ਵਾਧੂ ਦੂਸ਼ਿਤ ਪਾਈ ਜਾ ਰਹੀ ਹੈ। ਮੁਹਾਲੀ ਦੇ ਨਾਲ ਲਗਦੇ ਸੈਕਟਰ-53 ਤੇ ਹੋਰਨਾਂ ਇਲਾਕਿਆਂ ਵਿੱਚ ਏਕਿਊਆਈ 401 ’ਤੇ ਪਹੁੰਚ ਗਿਆ ਸੀ। ਸ਼ਹਿਰ ਦੇ ਸੈਕਟਰ-25 ਵਿੱਚ ਏਕਿਊਆਈ ਲੇਵਲ 321, ਸੈਕਟਰ-22 ਵਿੱਚ 399 ਦਰਜ ਕੀਤਾ ਗਿਆ ਹੈ।
ਹਾਲਾਂਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮਾਹਿਰਾਂ ਦਾ ਕਹਿਣਾ ਸੀ ਕਿ ਜਨਵਰੀ ਮਹੀਨੇ ਵਿੱਚ ਪ੍ਰਦੂਸ਼ਣ ਵਧਣਾ ਬਹੁਤ ਹੀ ਹੈਰਾਨੀਜਨਕ ਹੈ। ਠੰਢ ਵਿੱਚ ਧੁੰਦ ਦੇ ਨਾਲ ਪ੍ਰਦੂਸ਼ਣ ਦੀ ਮਾਤਰਾ ਵੱਧਣ ਕਰ ਕੇ ਲੋਕਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।