ਐਤਵਾਰ ਨੂੰ ਮੋਗਾ ਵਿੱਚ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਸਫ਼ਲ ਬਣਾਉਣ ‘ਚ ਲੱਗੇ ਕੁੱਝ ਕਾਂਗਰਸੀ ਮੁਸਿਬਤ ਵਿੱਚ ਫਸ ਗਏ ਹਨ। ਜਾਂ ਆਖ ਲਵੋ ਕਿ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿੱਚ ਰੈਲੀ ਕਰਕੇ ਆਪਣੇ ਸਾਥੀਆਂ ਨੂੰ ਮੁਸਿਬਤ ਵਿੱਚ ਪਾ ਦਿੱਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਆਗੂਆਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨਵਜੋਤ ਸਿੰਘ ਸਿੱਧ ਦੀ ਐਤਵਾਰ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਹੈ। ਕਮੇਟੀ ਨੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਕਾਰਨ ਦੱਸੋ ਨੋਟਿਸ ਭੇਜਿਆ ਹੈ। ਦੋਵਾਂ ਤੋਂ 2 ਦਿਨਾਂ ਅੰਦਰ ਜਵਾਬ ਮੰਗਿਆ ਗਿਆ ਹੈ। ਇਹ ਸ਼ਿਕਾਇਤ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਕੈਪਟਨ ਸੰਦੀਪ ਸੰਧੂ ਨੇ ਕੀਤੀ ਹੈ। ਮਹੇਸ਼ਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ।
ਨਵਜੋਤ ਸਿੰਘ ਸਿੱਧ ਨੇ ਐਤਵਾਰ ਨੂੰ ਜੀਤੇਗਾ ਪੰਜਾਬ, ਜੀਤੇਗਾ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਸ ਵੇਲੇ ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਹਰੇਕ ਵਿਧਾਇਕ ਤਿੰਨ-ਤਿੰਨ ਘਰ ਬਣਾ ਰਿਹਾ ਹੈ। ਪੰਜਾਬ ਵਿੱਚ ਗੁੰਡਾ ਸਿਸਟਮ ਦਾ ਬੋਲਬਾਲਾ ਹੈ। ਰੈਲੀ ‘ਚ 2 ਘੰਟੇ ਲੇਟ ਪਹੁੰਚੇ ਨਵਜੋਤ ਸਿੱਧੂ ਨੇ ‘ਆਪ’ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਰੇਤ ਦੀ ਟਰਾਲੀ 22 ਹਜ਼ਾਰ ਰੁਪਏ ‘ਚ ਵਿਕ ਰਹੀ ਹੈ। ਜੇਕਰ ਇਹ ਰੇਤਾ 2000 ਰੁਪਏ ਪ੍ਰਤੀ ਟਰਾਲੀ ਵਿਕ ਜਾਵੇ ਤਾਂ ਮਜ਼ਦੂਰਾਂ ਤੋਂ ਲੈ ਕੇ ਮਿਸਤਰੀ ਤੱਕ ਸਾਰਿਆਂ ਨੂੰ ਰੁਜ਼ਗਾਰ ਮਿਲੇਗਾ। ਮੁੱਖ ਮੰਤਰੀ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਵਾ ਕੇ ਆਪਣੀ ਪਿੱਠ ਥਪਥਪਾਉਂਦੇ ਹਨ ਪਰ ਉਨ੍ਹਾਂ ਦੇ ਵਿਧਾਇਕ ਤੇ ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।