ਆਸਟ੍ਰੇਲੀਆ ਸਰਕਾਰ ਦੀ ਗੋਲਡਨ ਵੀਜ਼ਾ ਸਕੀਮ ਫੇਲ੍ਹ ਸਾਬਤ ਹੋ ਗਈ ਹੈ। ਜਿਸ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਆਪਣੀ ਗੋਲਡਨ ਵੀਜ਼ਾ ਸਕੀਮ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਦੁਰਵਰਤੋਂ ਹੋਣ ਦੇ ਚਰਚੇ ਹੋ ਰਹੇ ਸਨ। ਪੰਜ ਲੱਖ ਆਸਟ੍ਰੇਲੀਅਨ ਡਾਲਰ ਨਿਵੇਸ਼ ਕਰਦਿਆਂ ਕੋਈ ਵੀ ਪਰਵਾਰ ਆਸਟ੍ਰੇਲੀਆ ਵਿਚ ਪੱਕੇ ਤੌਰ ‘ਤੇ ਵਸਣ ਦਾ ਹੱਕਦਾਰ ਸੀ ਅਤੇ 85 ਫੀ ਸਦੀ ਅਰਜ਼ੀਆਂ ਚੀਨ ਤੋਂ ਆ ਰਹੀਆਂ ਸਨ। ਗੋਲਡਨ ਵੀਜ਼ਾ ਯੋਜਨਾ ਦੀ ਕਈ ਵਾਰ ਸਮੀਖਿਆ ਕਰਨ ਮਗਰੋਂ ਆਸਟ੍ਰੇਲੀਆ ਸਰਕਾਰ ਇਸ ਸਿੱਟੇ ‘ਤੇ ਪੁੱਜੀ ਕਿ ਇਹ ਸਕੀਮ ਆਪਣੇ ਮਕਸਦ ਪੂਰੇ ਕਰਨ ਵਿਚ ਸਫਲ ਨਹੀਂ ਹੋ ਰਹੀ।
ਹੁਣ ਗੋਲਡਨ ਵੀਜ਼ਾ ਦੀ ਬਜਾਏ ਹੁਨਰਮੰਦ ਕਾਮਿਆਂ ਨੂੰ ਵਧੇਰੇ ਵੀਜ਼ੇ ਜਾਰੀ ਕੀਤੇ ਜਾਣਗੇ। ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਅਰ ਓ ਨੀਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਲਕ ਦੀਆਂ ਆਰਥਿਕ ਜ਼ਰੂਰਤਾਂ ਦੇ ਮੱਦੇਨਜ਼ਰ ਲਿਆਂਦੀ ਯੋਜਨਾ ਸੰਭਾਵਤ ਤੌਰ ‘ਤੇ ਭਟਕਦੀ ਨਜ਼ਰ ਆਈ। ਉਧਰ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਆਸਟ੍ਰੇਲੀਆ ਵੱਲੋਂ ਗੋਲਡਨ ਵੀਜ਼ਾ ਯੋਜਨਾ ਬੰਦ ਕੀਤੇ ਜਾਣ ਦਾ ਜ਼ੋਰਦਵਾਰ ਸਵਾਗਤ ਕੀਤਾ ਗਿਆ ਹੈ।
ਜਥੇਬੰਦੀ ਦੀ ਮੁੱਖ ਕਾਰਜਕਾਰੀ ਅਫਸਰ ਕਲੈਂਸੀ ਮੁਰ ਨੇ ਕਿਹਾ ਕਿ ਭ੍ਰਿਸ਼ਟ ਅਫਸਰਾਂ ਵੱਲੋਂ ਆਸਟ੍ਰੇਲੀਆ ਵਿਚ ਨਾਜਾਇਜ਼ ਪੈਸਾ ਨਿਵੇਸ਼ ਕਰਵਾਇਆ ਜਾ ਰਿਹਾ ਸੀ। ਜ਼ਿਆਦਾਤਰ ਮਾਮਲਿਆਂ ਵਿਚ ਇਹ ਰਕਮ ਅਪਰਾਧਕ ਸਰਗਰਮੀਆਂ ਤੋਂ ਹਾਸਲ ਹੁੰਦੀ। ਆਸਟ੍ਰੇਲੀਅਨ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਕੰਬੋਡੀਆ ਦੇ ਹੁਨ ਸੇਨ ਨਿਜ਼ਾਮ ਦਾ ਹਿੱਸਾ ਰਹੇ ਕਈ ਲੋਕਾਂ ਨੇ ਨਿਵੇਸ਼ ਰਾਹੀਂ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ।
ਸਰਕਾਰੀ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਗੋਲਡਨ ਵੀਜ਼ਾ ਰਾਹੀਂ ਆ ਰਹੇ ਕਾਰੋਬਾਰੀ ਅਸਲ ਵਿਚ ਇਥੇ ਆ ਕੇ ਕਾਰੋਬਾਰ ਕਰਨਾ ਨਹੀਂ ਚਾਹੁੰਦੇ ਅਤੇ ਉਹ ਸਿਰਫ ਆਸਟ੍ਰੇਲੀਆ ਵਿਚ ਪੱਕੇ ਤੌਰ ‘ਤੇ ਵਸਣ ਦੀ ਕੀਮਤ ਅਦਾ ਕਰ ਰਹੇ ਹਨ।