Home Desh ਆਖਰ ਸੁਧਰਨ ਲੱਗੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ!

ਆਖਰ ਸੁਧਰਨ ਲੱਗੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ!

85
0

ਖਾਲਿਸਤਾਨ ਪੱਖੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਆਖਰ ਭਰਤ ਤੇ ਕੈਨੇਡਾ ਦੇ ਰਿਸ਼ਤੇ ਸੁਧਰਨ ਲੱਗੇ ਹਨ। ਕਾਫੀ ਸਮਾਂ ਚੱਲੇ ਤਣਾਅ ਮਗਰੋਂ ਦੋਵੇਂ ਦੇਸ਼ ਇੱਕ-ਦੂਜੇ ਪ੍ਰਤੀ ਨਰਮ ਹੋਣ ਲੱਗੇ ਹਨ। ਭਾਰਤ ਵੱਲੋਂ ਨਿੱਝਰ ਦੀ ਹੱਤਿਆ ਸਬੰਧੀ ਜਾਂਚ ਵਿੱਚ ਕੈਨੇਡਾ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਖੁਲਾਸਾ ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਜੋਡੀ ਥੌਮਸ ਨੇ ਕੀਤਾ ਹੈ।

ਦਰਅਸਲ ਜੋਡੀ ਥੌਮਸ ਨੇ ਇੱਕ ਇੰਟਰਵਿਊ ਵਿਚ ਖੁਲਾਸਾ ਕੀਤਾ ਹੈ ਕਿ ‘ਬ੍ਰਿਟਿਸ਼ ਕੋਲੰਬੀਆ ’ਚ ਸਿੱਖ ਵੱਖਵਾਦੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਰੀ ਜਾਂਚ ਵਿੱਚ ਭਾਰਤ ਹੁਣ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਮਹੀਨਿਆਂ ਤੋਂ ਬਣੇ ਤਣਾਅ ਮਗਰੋਂ ਦੁਵੱਲੇ ਸਬੰਧਾਂ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿੱਚ ਸਰੀ ’ਚ ਹੋਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤ ਹੁਣ ਜਾਂਚ ’ਚ ਕੈਨੇਡਾ ਨਾਲ ਤਾਲਮੇਲ ਕਰ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦ ਕਿਸੇ ਕੈਨੇਡੀਅਨ ਅਧਿਕਾਰੀ ਨੇ ਮੰਨਿਆ ਹੈ ਕਿ ਭਾਰਤ ਨੇ ਇਸ ਮਾਮਲੇ ਵਿੱਚ ਸਹਿਯੋਗ ਕਰਨਾ ਸ਼ੁਰੂ ਕੀਤਾ ਹੈ।

ਦੱਸ ਦਈਏ ਕਿ ਕੈਨੇਡਾ ਨੇ ਨਿੱਝਰ ਦੀ ਹੱਤਿਆ ’ਤੇ ਬਣੇ ਤਣਾਅ ਦਰਮਿਆਨ ਭਾਰਤ ’ਤੇ ਸਹਿਯੋਗ ਨਾ ਕਰਨ ਦੇ ਦੋਸ਼ ਲਾਏ ਸਨ। ਗੌਰਤਲਬ ਹੈ ਕਿ ਪਿਛਲੇ ਸਾਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕੇ ਤੇ ਖਾਸ ਮੰਤਵ ਤੋਂ ਪ੍ਰੇਰਿਤ’ ਦੱਸਿਆ ਸੀ।

ਥੌਮਸ ਦੀਆਂ ਟਿੱਪਣੀਆਂ ’ਤੇ ਹਾਲੇ ਤੱਕ ਭਾਰਤ ਵੱਲੋਂ ਕੋਈ ਜਵਾਬ ਨਹੀਂ ਆਇਆ। ਜੋਡੀ ਥੌਮਸ 26 ਜਨਵਰੀ ਨੂੰ ਸੇਵਾਮੁਕਤ ਹੋਈ ਹੈ। ਭਾਰਤ ਇਸ ਤੋਂ ਪਹਿਲਾਂ ਕਹਿ ਚੁੱਕਾ ਹੈ ਕਿ ਕੈਨੇਡਾ ਨੇ ਉਨ੍ਹਾਂ ਨਾਲ ਅਜਿਹਾ ਕੋਈ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਜਿਸ ਤੋਂ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਾਬਿਤ ਹੁੰਦੀ ਹੋਵੇ। ਇੰਟਰਵਿਊ ਵਿਚ ਥੌਮਸ ਨੇ ਕਿਹਾ, ‘ਮੈਂ ਅਜਿਹਾ ਨਹੀਂ ਕਹਾਂਗੀ ਕਿ ਉਹ ਸਹਿਯੋਗ ਨਹੀਂ ਕਰ ਰਹੇ।’ ਉਨ੍ਹਾਂ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿਚ ‘ਸੁਧਾਰ’ ਹੋ ਰਿਹਾ ਹੈ ਤੇ ਕੈਨੇਡਾ ਨੇ ‘ਰਿਸ਼ਤਿਆਂ ਨੂੰ ਅੱਗੇ ਵਧਾਇਆ ਹੈ।’ ਜੋਡੀ ਨੇ ਕਿਹਾ ਕਿ ਭਾਰਤੀ ਹਮਰੁਤਬਾ ਨਾਲ ਉਨ੍ਹਾਂ ਦੀ ਚਰਚਾ ਸਕਾਰਾਤਮਕ ਰਹੀ ਹੈ ਤੇ ਚੀਜ਼ਾਂ ਅੱਗੇ ਵਧੀਆਂ ਹਨ।

ਦੱਸ ਦਈਏ ਕਿ ਹਿੰਦ-ਪ੍ਰਸ਼ਾਂਤ ਵਿਚ ਕੰਮ ਕਰਨ ਦੀ ਕੈਨੇਡਾ ਦੀ ਸਮਰੱਥਾ ਭਾਰਤ ਨਾਲ ਚੰਗੇ ਰਿਸ਼ਤਿਆਂ ਉਤੇ ਨਿਰਭਰ ਕਰਦੀ ਹੈ। ਥੌਮਸ ਨੇ ਕਿਹਾ, ‘ਤੇ ਮੈਨੂੰ ਲੱਗਦਾ ਹੈ ਕਿ ਅਸੀਂ ਮੁੜ ਇਸ ਉਤੇ ਕੰਮ ਕਰ ਰਹੇ ਹਾਂ।’ ਜੋਡੀ ਥੌਮਸ ਨੂੰ ਜਨਵਰੀ 2022 ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਇੰਟੈਲੀਜੈਂਸ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ। ‘ਸੀਬੀਸੀ’ ਨਾਲ ਕੀਤੀ ਇਕ ਹੋਰ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਭਾਰਤ ਨਾਲ ਕੈਨੇਡਾ ਦੇ ਰਿਸ਼ਤੇ ਕਈ ਮਹੀਨਿਆਂ ਮਗਰੋਂ ਹੁਣ ਸੁਧਰ ਰਹੇ ਹਨ।

Previous articleਅਮਰੀਕਾ ਦੀ ਨਾਗਰਿਕ ਦੀ ਮੌਤ ਬਾਰੇ ਵੱਡਾ ਖੁਲਾਸਾ!!
Next articleਪੰਜਾਬ ‘ਚ ਲੱਗਣਗੇ ਬਿਜਲੀ ਦੇ ਲੰਬੇ ਲੰਬੇ ਕੱਟ

LEAVE A REPLY

Please enter your comment!
Please enter your name here