ਕਿਸਾਨਾਂ ਵੱਲੋਂ ਮੁੜ ਦਿੱਲੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨੂੰ ਦਿੱਲੀ ਅੰਦੋਲਨ-2 ਦਾ ਨਾ ਦਿੱਤਾ ਗਿਆ ਹੈ। ਕਿਸਾਨ ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਅੰਦੋਲਨ-2 ਦੇਸ਼ਿਵਆਪੀ ਬਣਨ ਜਾ ਰਿਹਾ ਹੈ। ਇਸ ਲਈ ਦੇਸ਼ ਭਰ ਦੀਆਂ 100 ਸੰਘਰਸ਼ਸ਼ੀਲ ਜਥੇਬੰਦੀਆਂ ਨੇ ‘ਕਿਸਾਨ-ਮਜ਼ਦੂਰ ਮੋਰਚਾ’ ਦਾ ਗਠਨ ਕੀਤਾ ਹੈ। ਇਸ ‘ਕਿਸਾਨ-ਮਜ਼ਦੂਰ ਮੋਰਚਾ’ ਨੇ 13 ਫਰਵਰੀ ਤੋਂ ਦਿੱਲੀ ਵਿੱਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ ਦੇਸ਼ ਭਰ ਦੀਆਂ ਕਰੀਬ 100 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਦਿੱਲੀ ਵਿੱਚ ਕੀਤੇ ਜਾਣ ਵਾਲੇ ਅੰਦੋਲਨ ਲਈ ਇਕਜੁੱਟ ਹੋ ਕੇ ‘ਕਿਸਾਨ-ਮਜ਼ਦੂਰ ਮੋਰਚਾ’ ਦਾ ਗਠਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ ਤੇ ਸੁਰਜੀਤ ਸਿੰਘ ਫੂਲ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਅੰਦੋਲਨ-2 ਦੇਸ਼ਿਵਆਪੀ ਬਣਨ ਜਾ ਰਿਹਾ ਹੈ ਜਿਸ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮੋਰਚੇ ਵੱਲੋਂ ਵੱਖ-ਵੱਖ ਸੂਬਿਆਂ ਤੋਂ ਆਗੂਆਂ ਦੀ ਤਾਲਮੇਲ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਤਾਲਮੇਲ ਕਮੇਟੀ ਵਿੱਚ ਕੇਰਲ ਤੋਂ ਦੋ, ਤਾਮਿਲਨਾਡੂ ਤੋਂ ਪੰਜ, ਰਾਜਸਥਾਨ ਤੋਂ ਇੱਕ, ਬਿਹਾਰ ਤੋਂ ਇਕ, ਉੱਤਰ ਪ੍ਰਦੇਸ਼ ਤੋਂ ਇਕ, ਮੱਧ ਪ੍ਰਦੇਸ਼ ਤੋਂ ਇਕ, ਪੁਡੂਚੇਰੀ ਤੋਂ ਇਕ, ਹਰਿਆਣਾ ਤੋਂ ਇਕ ਅਤੇ ਪੰਜਾਬ ਤੋਂ ਤਿੰਨ ਮੈਂਬਰ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੈੱਸ ਕਮੇਟੀ, ਫੰਡ ਕਮੇਟੀ, ਲਿਖਤ-ਪੜ੍ਹਤ ਕਮੇਟੀ ਤੇ ਆਈਟੀ ਸੈੱਲ ਦਾ ਗਠਨ ਵੀ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸਾਨ-ਮਜ਼ਦੂਰ ਮੋਰਚਾ ਲੋਕ ਹਿੱਤਾਂ ਦੀ ਰੱਖਿਆ ਲਈ ਦੇਸ਼ ਭਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ 13 ਫਰਵਰੀ ਤੋਂ ਦਿੱਲੀ ਵਿੱਚ ਅੰਦੋਲਨ ਸ਼ੁਰੂ ਕਰਨ ਲਈ ਰਵਾਨਾ ਹੋਵੇਗਾ। ਇਸ ਮੌਕੇ ਗੁਰਧਿਆਨ ਸਿੰਘ ਭਟੇੜੀ, ਚਮਕੌਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਗੁਰ ਅਮਨੀਤ ਸਿੰਘ ਮਾਂਗਟ ਤੇ ਹੋਰ ਆਗੂ ਵੀ ਹਾਜ਼ਰ ਸਨ।
ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ
ਉਧਰ, ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਐਲਾਨ ਕੀਤਾ ਗਿਆ ਹੈ ਕਿ 12 ਫਰਵਰੀ ਨੂੰ ਨਿਆਂ ਸਬੰਧੀ ਦਬਾਅ ਪਾਉਣ ਵਾਸਤੇ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਦੋ-ਦੋ ਘੰਟੇ ਧਰਨੇ ਲਗਾ ਕੇ ਮੰਗ ਪੱਤਰ ਸੌਂਪੇ ਜਾਣਗੇ। ਇਹ ਧਰਨੇ ਮਾਲਵਾ ਖੇਤਰ ਨਾਲ ਸਬੰਧਤ ਸਾਰੇ ਜ਼ਿਲ੍ਹਿਆਂ ਵਿੱਚ ਲਗਾਏ ਜਾਣਗੇ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਯੂਨੀਅਨ ਸੱਤ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੀ ਹੈ, ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਤੋਂ ਵੀ ਇਨਕਾਰੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਮਿਆਂ ’ਤੇ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਕਿਸਾਨਾਂ ਦੇ ਪੱਖ ਨਾਲ ਸਹਿਮਤ ਹੋ ਕੇ ਇਨਸਾਫ ਦੇਣ ਦੇ ਵਾਅਦੇ ਕਰ ਚੁੱਕੇ ਹਨ। ਮਾਨਸਾ ਦੇ ਐਸਐਸਪੀ ਨੇ ਕਿਸਾਨਾਂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ 19 ਦਸੰਬਰ ਤੋਂ ਪਹਿਲਾਂ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।