ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਇਸ ਵੇਲੇ ਮਾਹੌਲ ਮਾਹੌਲ ਗਰਮਾਇਆ ਹੈ। ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਸੜਕਾਂ ਉੱਤੇ ਕਿੱਲ ਵਿਛਾ ਦਿੱਤੇ ਹਨ, ਪੱਕੇ ਬੈਰੀਕੇਡ ਲਾ ਦਿੱਤੇ ਗਏ ਹਨ ਤਾਂ ਕਿ ਕਿਸਾਨ ਕਿਸੇ ਵੀ ਤਰ੍ਹਾਂ ਹਰਿਆਣਾ ਵਿੱਚ ਦਾਖ਼ਲ ਨਾ ਹੋ ਸਕਣ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਤੇ ਕਿਸਾਨਾਂ ਵੱਲੋਂ ਸਰਕਾਰ ਦੇ ਇਸ ਰਵੱਈਏ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਓ ਮੋਦੀ ਸਾਬ! ਇਹ ਪੰਜਾਬ ਏ ਪੰਜਾਬ ਚੀਕਾਂ ਕਢਵਾ ਦੇਵੇਗਾ ਚੀਕਾਂ! ਤੁਸੀਂ ਲੋਕਤੰਤਰ ਖ਼ਤਮ ਕਰਨਾ ਚਾਹੁੰਦੇ ਹੋ? ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਉੱਤੇ ਭਾਰੀ ਫੋਰਸ ਲਗਾ ਕੇ ਤੁਸੀਂ ਜ਼ੋਰ ਜ਼ਬਰਦਸਤੀ ਨਾਲ ਅੰਨਦਾਤਾ ਨੂੰ ਰੋਕਣਾ ਚਾਹੁੰਦੇ ਹੋ? ਕਿਸਾਨ ਇਹ ਨਹੀਂ ਹੋਣ ਦੇਵੇਗਾ । ਇਹ ਗੱਲ ਕੇਂਦਰ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ।
ਜ਼ਿਕਰ ਕਰ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਨਾਲ ਬੈਠ ਕੇ ਗੱਲ ਕਰ ਲਓ… ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਲਓ…ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ…ਸਾਡੇ ਨਾਲ ਇੰਨੀ ਨਫ਼ਰਤ ਨਾ ਕਰੋ… ਵੱਡੇ-ਵੱਡੇ ਕਿੱਲ ਤੇ ਕੰਡਿਆਲੀਆਂ ਤਾਰਾਂ ਲਾ ਕੇ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ…
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਕੀਤੇ ਜਾਣ ਵਾਲੇ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਹਰਿਆਣਾ ਵਿੱਚ ਪ੍ਰਸ਼ਾਸਨ ਵੱਲੋਂ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ। ਇਕ ਪਾਸੇ ਪੰਜਾਬ-ਹਰਿਆਣਾ ਸਰਹੱਦ ‘ਤੇ ਕਈ ਥਾਵਾਂ ‘ਤੇ ਕੰਕਰੀਟ ਦੇ ਬੈਰੀਅਰ, ਕੰਡਿਆਲੀ ਤਾਰ ਅਤੇ ਬੈਰੀਕੇਡ ਲਗਾਏ ਗਏ ਹਨ। ਸਰਹੱਦਾਂ ਕਿਲ੍ਹਿਆਂ ਵਿੱਚ ਤਬਦੀਲ ਹੋ ਗਈਆਂ ਹਨ। ਹਰਿਆਣਾ ਪੁਲਿਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਤਾਇਨਾਤ ਹੈ। ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ 2 ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹ ਬਣਾ ਦਿੱਤਾ ਹੈ।