ਕਿਸਾਨਾਂ ਵੱਲੋਂ ‘ਦਿੱਲੀ ਚੱਲੋ’ ਮਾਰਚ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਕੌਮੀ ਰਾਜਧਾਨੀ ਦੀ ਮੁਕੰਮਲ ਕਿਲੇਬੰਦੀ ਕਰ ਦਿੱਤੀ ਹੈ। ਕੌਮੀ ਰਾਜਧਾਨੀ ਦੀਆਂ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਸਰਹੱਦਾਂ ਨੂੰ ਬਹੁ-ਪਰਤੀ ਬੈਰੀਕੇਡਿੰਗ ਨਾਲ ਸੀਲ ਕਰ ਦਿੱਤਾ ਗਿਆ ਹੈ। ਸਰਹੱਦਾਂ ’ਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤੇ ਨੀਮ ਫੌਜੀ ਬਲਾਂ ਦੇ ਦਸਤੇ ਤਾਇਨਾਤ ਹਨ।
ਸਰਹੱਦੀ ਨਾਕਿਆਂ ’ਤੇ ਚੌਕਸੀ ਰੱਖਣ ਲਈ ਪੁਲਿਸ ਵੱਲੋਂ ਡ੍ਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਨੂੰ ਲੈ ਕੇ ਮੁਕੰਮਲ ਤਿਆਰੀ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਦਿੱਲੀ ਵਿੱਚ ਇੱਕ ਮਹੀਨੇ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕੌਮੀ ਰਾਜਧਾਨੀ ਵਿੱਚ ਲੋਕਾਂ ਦੇ ਇਕੱਠ, ਰੋਸ ਮੁਜ਼ਾਹਰਿਆਂ ਜਾਂ ਰੈਲੀਆਂ ਤੇ ਲੋਕਾਂ ਨੂੰ ਢੋਣ ਵਾਲੀਆਂ ਟਰੈਕਟਰ ਟਰਾਲੀਆਂ ਦੇ ਦਾਖਲੇ ’ਤੇ ਮੁਕੰਮਲ ਪਾਬੰਦੀ ਰਹੇਗੀ। ਪਾਬੰਦੀ ਦੇ ਹੁਕਮ 12 ਮਾਰਚ ਤੱਕ ਜਾਰੀ ਰਹਿਣਗੇ।
ਦਿੱਲੀ ਦੇ ਸੀਨੀਅਰੀ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਦੇ ਸੰਸਦ ਵੱਲ ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਨੇ ਅਗਾਊਂ ਤਿਆਰੀਆਂ ਵਿੱਢ ਦਿੱਤੀਆਂ ਸਨ। ਕੌਮੀ ਰਾਜਧਾਨੀ ਵਿਚ ਦਾਖਲ ਹੋਣ ਵਾਲੇ ਰਸਤਿਆਂ ’ਤੇ ਨੁਕੀਲੀਆਂ ਕੰਡਿਆਲੀਆਂ ਤਾਰਾਂ ਤੇ ਕਿੱਲਾਂ ਦੇ ਨਾਲ ਬਹੁ-ਪਰਤੀ ਬੈਰੀਕੇਡਿੰਗ (ਰੋਕਾਂ), ਵੱਡੇ ਸੀਮਿੰਟ ਬਲਾਕ ਤੇ ਕੰਟੇਨਰ ਰੱਖੇ ਗਏ ਹਨ। ਦਿੱਲੀ ਪੁਲਿਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਤੇ ਆਵਾਜਾਈ ’ਤੇ ਲਾਈਆਂ ਰੋਕਾਂ ਨਾਲ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਨਾਲ ਜੁੜੇ ਕਸਬਿਆਂ ਨੂੰ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੱਡੀਆਂ ਮੁਸ਼ਕਲਾਂ ਦਰਪੇਸ਼ ਹਨ। ਦਿੱਲੀ ਪੁਲਿਸ ਨੇ ਇੱਕ ਮਹੀਨੇ ਲਈ ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨਾਂ ਲਈ ਟਰੈਕਟਰ, ਟਰੱਕ ਜਾਂ ਹੋਰ ਵਾਹਨਾਂ ਰਾਹੀਂ ਦਾਖਲੇ ’ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ।
ਪੁਲਿਸ ਕਮਿਸ਼ਨਰ ਸੰਜੈ ਅਰੋੜਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਲੋਕਾਂ ਦੇ ਇਕੱਠੇ ਹੋਣ, ਰੈਲੀਆਂ ਤੇ ਟਰੈਕਟਰ ਟਰਾਲੀਆਂ ਦੇ ਦਾਖ਼ਲੇ ’ਤੇ ਮੁਕੰਮਲ ਪਾਬੰਦੀ ਰਹੇਗੀ। ਹਾਲਾਤ ’ਤੇ ਨਜ਼ਰ ਰੱਖਣ ਲਈ ਸਿੰਘੂ ਸਰਹੱਦ ’ਤੇ ਇਕ ਆਰਜ਼ੀ ਦਫ਼ਤਰ ਵੀ ਸਥਾਪਤ ਕੀਤਾ ਗਿਆ ਹੈ। ਪੁਲਿਸ ਨੇ ਹਰਿਆਣਾ ਨਾਲ ਲੱਗਦੀਆਂ ਪੇਂਡੂ ਸੜਕਾਂ ਨੂੰ ਵੀ ਸੀਲ ਕਰ ਦਿੱਤਾ ਹੈ। ਦਿੱਲੀ-ਰੋਹਤਕ ਤੇ ਦਿੱਲੀ-ਬਹਾਦਰਗੜ੍ਹ ਸੜਕਾਂ ਉੱਤੇ ਵੱਡੀ ਗਿਣਤੀ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ। ਸੜਕਾਂ ਨੂੰ ਬਲਾਕ ਕਰਨ ਲਈ ਭਾਰੇ ਸੀਮਿੰਟ ਬਲਾਕਾਂ ਤੇ ਨੁਕੀਲੀਆਂ ਤਾਰਾਂ ਦੀ ਵਰਤੋਂ ਕੀਤੀ ਗਈ ਹੈ। ਇਲਾਕੇ ’ਤੇ ਨਜ਼ਰ ਰੱਖਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਸੰਜੈ ਅਰੋੜਾ ਨੇ ਦਿੱਲੀ ਦੀਆਂ ਹਰਿਆਣਾ ਤੇ ਯੂਪੀ ਨਾਲ ਲੱਗਦੀਆਂ ਸਰਹੱਦਾਂ ’ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।