ਹਰਿਆਣਾ ਸਰਕਾਰ ਦੀ ਸਖਤੀ ਮਗਰੋਂ ਕਿਸਾਨ ਅੰਦੋਲਨ ਨੂੰ ਦੇਸ਼ ਭਰ ਤੋਂ ਹੁੰਗਾਰਾ ਮਿਲਣ ਲੱਗਾ ਹੈ। ਖੇਤੀ ਵਿਗਿਆਨੀ ਡਾਕਟਰ ਐਮਐਸ ਸਵਾਮੀਨਾਥਨ ਦੀਆਂ ਧੀਆਂ ਮਧੁਰਾ ਤੇ ਸੌਮਿਆ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਅੰਨਦਾਤੇ ਹਨ ਤੇ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਨਹੀਂ ਕਰਨਾ ਚਾਹੀਦਾ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਹਰਿਆਣਾ ਪੁਲਿਸ ਵੱਲੋਂ ਅੰਨ੍ਹੇਵਾਹ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨ ਤੇ ਦਿੱਲੀ ਜਾਣ ਵਾਲੇ ਰਾਹ ’ਤੇ ਖੜ੍ਹੇ ਕੀਤੇ ਗਏ ਅੜਿੱਕਿਆਂ ’ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਉਪਰ ਜ਼ੁਲਮ ਦੀ ਥਾਂ ’ਤੇ ਉਨ੍ਹਾਂ ਨੂੰ ਇੱਜ਼ਤ-ਮਾਣ ਦੇਣਾ ਚਾਹੀਦਾ ਹੈ। ਡਾ. ਸਵਾਮੀਨਾਥਨ ਨੂੰ ਮੋਦੀ ਸਰਕਾਰ ਨੇ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ। ਬੰਗਲੂਰੂ ’ਚ ਇੰਡੀਅਨ ਸਟੈਟੀਸਟੀਕਲ ਇੰਸਟੀਚਿਊਟ ਦੀ ਆਰਥਿਕ ਅਧਿਐਨ ਇਕਾਈ ਦੀ ਮੁਖੀ ਮਧੁਰਾ ਨੇ ਕਿਹਾ ਕਿ ਦੇਸ਼ ਦੇ ਉੱਘੇ ਖੇਤੀ ਵਿਗਿਆਨੀਆਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਮਸਲਿਆਂ ਦਾ ਢੁੱਕਵਾਂ ਹੱਲ ਕੱਢਿਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਉਹ ਐਮਐਸ ਸਵਾਮੀਨਾਥਨ ਦਾ ਸਨਮਾਨ ਕਰਨਾ ਚਾਹੁੰਦੇ ਹਨ ਤਾਂ ਕਿਸਾਨਾਂ ਨੂੰ ਵੀ ਨਾਲ ਲੈ ਕੇ ਚਲਣਾ ਪਵੇਗਾ।
ਸੌਮਿਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਛੋਟੀਆਂ ਜੋਤਾਂ ਵਾਲੇ ਕਿਸਾਨਾਂ ਨੂੰ ਹੱਕ ਦਿਵਾਉਣ ਦੇ ਪੱਖ ’ਚ ਸਨ। ਉਨ੍ਹਾਂ ਕਿਹਾ ਕਿ ਅੰਨਦਾਤਾ ਕੋਈ ਸਿਹਤਮੰਦ ਤੇ ਖੁਸ਼ਹਾਲ ਜੀਵਨ ਨਹੀਂ ਜੀਅ ਰਿਹਾ ਹੈ ਤੇ ਉਸ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਦੀ ਸ਼ੰਭੂ ਤੇ ਖਨੌਰੀ ਸਰੱਹਦਾਂ ’ਤੇ ਕਿਸਾਨਾਂ ਦੇ ਵਧ ਰਹੇ ਰੋਹ ਦਰਮਿਆਨ ਤਿੰਨ ਕੇਂਦਰੀ ਮੰਤਰੀ ਅੱਜ ਸ਼ਾਮ ਪੰਜ ਵਜੇ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਕੇਂਦਰ ਸਰਕਾਰ ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ਤੋਂ ਪਹਿਲਾਂ ਮੌਜੂਦਾ ਕਿਸਾਨ ਸੰਘਰਸ਼ ਨੂੰ ਨਿਬੇੜਨ ਦੇ ਰੌਂਅ ਵਿੱਚ ਹੈ। ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਰਸਮੀ ਗੱਲਬਾਤ ਲਈ ਸੱਦਾ ਭੇਜ ਦਿੱਤਾ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਸਵੀਕਾਰ ਕਰ ਲਿਆ ਹੈ। ਬੈਠਕ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਤੇ ਨਿੱਤਿਆ ਨੰਦ ਸ਼ਾਮਲ ਹੋਣਗੇ। ਖੁਫੀਆ ਰਿਪੋਰਟਾਂ ਮਿਲਣ ਮਗਰੋਂ ਕੇਂਦਰ ਸਰਕਾਰ ਹੁਣ ਇਸ ਸੰਘਰਸ਼ ਨੂੰ ਲਮਕਾਉਣਾ ਨਹੀਂ ਚਾਹੁੰਦੀ ਹੈ।
ਹਾਸਲ ਜਾਣਕਾਰੀ ਅਨੁਸਾਰ ਨੀਮ ਫੌਜੀ ਬਲਾਂ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅਪਣਾਏ ਹੱਥਕੰਡਿਆਂ ਨੇ ਪੰਜਾਬ ਦੀ ਕਿਸਾਨੀ ’ਚ ਰੋਸ ਭਰ ਦਿੱਤਾ ਹੈ। ਸਮੁੱਚੇ ਸੂਬੇ ’ਚੋਂ ਪੰਜਾਬ-ਹਰਿਆਣਾ ਸਰਹੱਦ ’ਤੇ ਚੱਲ ਰਹੇ ਸੰਘਰਸ਼ ਨੂੰ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ। ਬੀਕੇਯੂ (ਉਗਰਾਹਾਂ) ਨੇ ਵੀ ਅੱਜ ਚਾਰ ਘੰਟਿਆਂ ਲਈ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ।