Home Desh ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ!

ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ!

87
0

ਸੰਯੁਕਤ ਕਿਸਾਨ ਮੋਰਚਾ (SKM) ਤੇ ਰਾਸ਼ਟਰੀ ਟਰੇਡ ਯੂਨੀਅਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਤੀਜੇ ਦੌਰ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ-ਹਰਿਆਣਾ ਸਰਹੱਦ ‘ਤੇ ਬੈਠਣ ਦਾ ਫੈਸਲਾ ਕੀਤਾ ਹੈ। ਬੰਦ ਦੇ ਸੱਦੇ ਤਹਿਤ ਲੋਕਾਂ ਨੂੰ ਬੇਲੋੜੇ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਹੈ। ਇਸ ਦੇ ਨਾਲ ਹੀ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਰ ਮੁੱਖ ਮਾਰਗ ਨੂੰ ਜਾਮ ਵੀ ਕਰਨਗੇ। ਇਸ ਦੌਰਾਨ ਕਿਸੇ ਵੀ ਵਾਹਨ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚਾ ਦੀਆਂ 37 ਜਥੇਬੰਦੀਆਂ ਤੇ ਕੌਮੀ ਟਰੇਡ ਯੂਨੀਅਨਾਂ ਪੰਜਾਬ ਭਰ ਦੇ 23 ਜ਼ਿਲ੍ਹਿਆਂ ਵਿੱਚ 117 ਥਾਵਾਂ ’ਤੇ ਧਰਨੇ ਦੇਣਗੀਆਂ। ਇਸ ਦੌਰਾਨ ਸਾਰੀਆਂ 117 ਥਾਵਾਂ ‘ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ।

ਕਿਸਾਨ ਜਥੇਬੰਦੀਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਚਾਰ ਕਾਰਨਾਂ ਕਰਕੇ ਹੀ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ। ਕਿਸਾਨਾਂ ਨੇ ਕਿਹਾ ਹੈ ਕਿ ਐਂਬੂਲੈਂਸਾਂ ਨੂੰ ਨਹੀਂ ਰੋਕਿਆ ਜਾਵੇਗਾ। ਮੈਡੀਕਲ ਐਮਰਜੈਂਸੀ ਲਈ ਜਾਣ ਵਾਲੇ ਵਿਅਕਤੀ ਨੂੰ ਨਹੀਂ ਰੋਕਿਆ ਜਾਏਗਾ। ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰਾਂ ਨੂੰ ਨਹੀਂ ਰੋਕਿਆ ਜਾਵੇਗਾ।

ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10-12ਵੀਂ ਜਮਾਤ ਦੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ‘ਤੇ ਕਰੀਬ 1 ਘੰਟਾ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਹੈ। ਵਿਆਹ ਦੇ ਪ੍ਰੋਗਰਾਮ ਨੂੰ ਨਹੀਂ ਰੋਕਿਆ ਜਾਵੇਗਾ। ਗੁਰਦੁਆਰਿਆਂ ਵਿੱਚ ਲਾਵਾਂ ਲੈਣ ਜਾ ਰਹੇ ਜੋੜਿਆਂ ਜਾਂ ਡੋਲੀ ਨੂੰ ਨਹੀਂ ਰੋਕਿਆ ਜਾਵੇਗਾ। ਜੇਕਰ ਕੋਈ ਵਿਅਕਤੀ ਹਵਾਈ ਜਾਂ ਰੇਲ ਯਾਤਰਾ ਲਈ ਜਾ ਰਿਹਾ ਹੈ ਤਾਂ ਉਹ ਆਪਣੀ ਟਿਕਟ ਦਿਖਾ ਲੰਘ ਸਕਦਾ ਹੈ। ਦੱਸ ਦਈਏ ਕਿ ਪੰਜਾਬ ਚੈਪਟਰ ਦੀ ਮੀਟਿੰਗ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਉਪਰੋਕਤ ਚਾਰ ਕਾਰਨ ਸਾਹਮਣੇ ਆਉਣ ’ਤੇ ਹੀ ਲੰਘਣ ਦਿੱਤਾ ਜਾਵੇਗਾ। ਬਾਕੀ ਸਾਰੇ ਵਿਅਕਤੀਆਂ ਨੂੰ ਰੋਕਿਆ ਜਾਵੇਗਾ। ਇਸ ਦੇਸ਼ ਵਿਆਪੀ ਹੜਤਾਲ ਕਾਰਨ ਟਰਾਂਸਪੋਰਟ, ਖੇਤੀਬਾੜੀ ਗਤੀਵਿਧੀਆਂ, ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ), ਨਿੱਜੀ ਦਫ਼ਤਰ, ਦੁਕਾਨਾਂ ਤੇ ਉਦਯੋਗਿਕ ਤੇ ਸੇਵਾ ਖੇਤਰ ਦੇ ਅਦਾਰੇ ਬੰਦ ਰਹਿਣ ਦੀ ਸੰਭਾਵਨਾ ਹੈ। ਪ੍ਰਾਈਵੇਟ ਬੱਸ ਚਾਲਕਾਂ ਨੇ ਵੀ ਅੱਜ ਆਪਣੀਆਂ ਬੱਸਾਂ ਸੜਕਾਂ ’ਤੇ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰੀ ਬੱਸਾਂ ਵਿੱਚ ਜਾਂ ਸੀਟ ਦੇ ਹਿਸਾਬ ਨਾਲ ਸਿਰਫ਼ 54 ਯਾਤਰੀ ਹੀ ਬੈਠ ਸਕਦੇ ਹਨ। ਅਜਿਹੀ ਸਥਿਤੀ ਵਿੱਚ ਸਿਰਫ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਘਰੋਂ ਨਿਕਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੈਂਕਾਂ ਨੇ ਆਪਣੀਆਂ ਸ਼ਾਖਾਵਾਂ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Previous articleਕਾਰਗਿਲ ਹੀਰੋ ਦੀ ਮਾਂ ਦਾ ਹੋਇਆ ਦਿਹਾਂਤ
Next articleਜ਼ਖਮੀ ਕਿਸਾਨਾਂ ਦੇ ਸਰੀਰ ਖੋਲ੍ਹ ਰਹੇ ਨੇ ਹਰਿਆਣਾ ਦੀ ਪੋਲ!

LEAVE A REPLY

Please enter your comment!
Please enter your name here