ਪੰਜਾਬ ਵਿੱਚ ਕਿਸਾਨਾਂ ਉਪਰ ਸੁਰੱਖਿਆ ਬਲਾਂ ਦੀ ਸਖਤੀ ਨੂੰ ਵੇਖ ਹਰਿਆਣਾ ਦੇ ਕਿਸਾਨ ਵੀ ਭੜਕ ਗਏ ਹਨ। ਅੱਜ ਹਰਿਆਣਾ ਦੇ ਕਿਸਾਨ ਵੱਡਾ ਐਕਸ਼ਨ ਕਰਨ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ ਚੜੂਨੀ) ਬੁੱਧਵਾਰ ਨੂੰ ਹਰਿਆਣਾ ‘ਚ ਸੜਕਾਂ ਜਾਮ ਕਰੇਗੀ। ਬੀਕੇਯੂ ਚੜੂਨੀ ਵੱਲੋਂ ਚੱਕਾ ਜਾਮ ਦਾ ਸੱਦਾ ਸ਼ੰਭੂ ਤੇ ਖਨੌਰੀ ਸਰਹੱਦ ‘ਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਲਿਆ ਹੈ। ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਰੋਡ ਜਾਮ ਕੀਤੇ ਜਾਣਗੇ। ਉਧਰ, ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 23 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਹਿਸਾਰ, ਜੀਂਦ, ਫਤਿਹਾਬਾਦ, ਸਿਰਸਾ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਰਹੇਗਾ।
ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ
ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕਿਸਾਨਾਂ ਨਾਲ 5ਵੇਂ ਦੌਰ ਦੀ ਮੀਟਿੰਗ ਨੂੰ ਲੈ ਕੇ ਅੱਜ ਦਿੱਲੀ ਵਿੱਚ ਮੰਤਰੀਆਂ ਦੀ ਸਾਂਝੀ ਮੀਟਿੰਗ ਹੋਵੇਗੀ। ਇਸ ਮੀਟਿੰਗਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਹਾਸਲ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਮੁੱਦਿਆਂ ਨਾਲ ਸਬੰਧਤ ਮੰਤਰੀ ਪਹਿਲਾਂ ਆਪ ਸਾਂਝੀ ਮੀਟਿੰਗ ਕਰਨਗੇ। ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਚਰਚਾ ਕੀਤੀ ਜਾਏਗੀ। ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਬਾਰੇ ਸਰਕਾਰ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ ਜਾਏਗਾ। ਸੂਤਰਾਂ ਮੁਤਾਬਕ ਇਸ ਵਾਰ ਮੰਤਰੀ ਕਿਸਾਨਾਂ ਦੀਆਂ ਉਨ੍ਹਾਂ ਮੰਗਾਂ ਨੂੰ ਅੰਤਿਮ ਰੂਪ ਦੇਣਗੇ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਇਹ ਆਖਰੀ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਮਝੌਤੇ ਦੀ ਮਿਤੀ ਤੇ ਸਮਾਂ ਤੈਅ ਕਰਨ ’ਤੇ ਧਿਆਨ ਦਿੱਤਾ ਜਾਵੇਗਾ।