ਦਿੱਲੀ ਕੂਚ ਲਈ ਖਨੌਰੀ ਸਰਹੱਦ ਉੱਪਰ ਬੈਠੇ ਕਿਸਾਨਾਂ ਉਪਰ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਸਖਤੀ ਦਿਖਾਉਂਦੇ ਹੋਏ ਹੱਲਾ ਬੋਲ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ, ਜਿਸਦੀ ਪਛਾਣ ਸ਼ੁਭਕਰਨ ਸਿੰਘ ਵਜੋਂ ਹੋਈ। 21 ਸਾਲਾ ਸ਼ੁਭਕਰਨ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਕਿਸਾਨ ਲੀਡਰਾਂ ਮੁਤਾਬਕ ਉਸ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਵਰਗਾ ਨਿਸ਼ਾਨ ਪਾਇਆ ਗਿਆ। ਇਸ ਮੌਤ ਤੋਂ ਬਾਅਦ ਨਾ ਸਿਰਫ ਆਮ ਜਨਤਾ ਸਗੋਂ ਪੰਜਾਬੀ ਫਿਲਮ ਫਿਲਮੀ ਸਿਤਾਰਿਆਂ ਵੱਲੋਂ ਵੀ ਸੋਗ ਜਤਾਇਆ ਗਿਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਸਰਕਾਰ ਦੇ ਇਸ ਕਾਰੇ ਦੀ ਸਖਤ ਨਿੰਦਾ ਕੀਤੀ ਹੈ। ਇਸ ਉੱਪਰ ਪੰਜਾਬੀ ਗਾਇਕ ਗੁਰਪ੍ਰੀਤ ਘੁੱਗੀ ਵੱਲੋਂ ਵੀ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਸ਼ੁਭਕਰਨ ਦੀ ਮੌਤ ਉੱਪਰ ਦੁੱਖ ਜਤਾਉਂਦੇ ਹੋਏ ਕਿਹਾ, 21 ਸਾਲਾਂ ਦਾ ਪੰਜਾਬੀ ਪੁੱਤ, ਸਰਾਕਾਰਾਂ ਦੀਆਂ ਨਲਾਇਕੀਆਂ ਬੇਰੁਖੀ ਅਤੇ ਲਾ-ਪਰਵਾਹੀਆਂ ਦੀ ਭੇਂਟ ਚੜ੍ਹ ਗਿਆ, ਬਹੁਤ ਦੁਖਦਾਈ ਘਟਨਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੋਰ ਵੀ ਕਈ ਪੰਜਾਬੀ ਕਲਾਕਾਰ ਸ਼ੁਭਕਰਨ ਸਿੰਘ ਦੀ ਮੌਤ ਉੱਪਰ ਸੋਗ ਪ੍ਰਗਟਾਵਾ ਕਰ ਚੁੱਕੇ ਹਨ। ਕਾਬਿਲੇਗੌਰ ਹੈ ਕਿ ਪੰਜਾਬੀ ਫਿਲਮ ਜਗਤ ਦੇ ਕਈ ਸਿਤਾਰੇ ਇਸ ਉੱਪਰ ਅਫਸੋਸ ਜਤਾ ਰਹੇ ਹਨ ਅਤੇ ਕਿਸਾਨ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਇਸ ਅੰਦੋਲਨ ਵਿੱਚ ਕਿਸਾਨਾ ਦਾ ਸਮਰਥਨ ਕਰਦੇ ਹੋਏ ਵਿਖਾਈ ਦਿੱਤੇ ਸੀ।
ਗੋਲੀ ਲੱਗਣ ਦਾ ਕੀਤਾ ਜਾ ਰਿਹਾ ਦਾਅਵਾ
ਸ਼ੰਭੂ ਸਰਹੱਦ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਹੋਈ ਹੈ। ਪੰਧੇਰ ਅਨੁਸਾਰ ਹਰਿਆਣਾ ਪੁਲਿਸ ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ਟਿਕਾਣਿਆਂ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਈ। ਸੀਆਰਪੀਐਫ ਦੇ ਜਵਾਨ ਕਿਸਾਨਾਂ ਦੇ ਕੁਝ ਟਰੈਕਟਰ-ਟਰਾਲੀਆਂ ਵੀ ਲੈ ਗਏ।