ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ‘ਤੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਪ੍ਰਿਤਪਾਲ ਸਿੰਘ ਦੇ ਮਾਮਲੇ ਉਪਰ ਹਰਿਆਣਾ ਪੁਲਿਸ ਕਸੂਤੀ ਘਿਰਦੀ ਜਾਪਦੀ ਹੈ। ਬੇਸ਼ੱਕ ਸੋਮਵਾਰ ਨੂੰ ਹਾਈਕੋਰਟ ‘ਚ ਸੁਣਵਾਈ ਦੌਰਾਨ ਹਰਿਆਣਾ ਪੁਲਿਸ ਨੇ ਪ੍ਰਿਤਪਾਲ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਅਦਾਲਤ ਨੇ ਰੋਹਤਕ ਪੀਜੀਆਈ ਤੋਂ 28 ਫਰਵਰੀ ਤੱਕ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਮੰਗ ਲਈ ਹੈ। ਇਹ ਮੈਡੀਕਲ ਰਿਪੋਰਟ ਕਈ ਭੇਤ ਖੋਲ੍ਹ ਸਕਦੀ ਹੈ। ਸੋਮਵਾਰ ਨੂੰ ਹਰਿਆਣਾ ਪੁਲਿਸ ਨੇ ਅਦਾਲਤ ਸਾਹਮਣੇ ਦਾਅਵਾ ਕੀਤਾ ਕਿ ਪ੍ਰਿਤਪਾਲ ਸਿੰਘ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਦੌਰਾਨ ਹਰਿਆਣਾ ਸਰਹੱਦ ‘ਤੇ ਡਿੱਗਿਆ ਪਿਆ ਸੀ। ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਮਗਰੋਂ ਹਾਈਕੋਰਟ ਨੇ ਰੋਹਤਕ ਪੀਜੀਆਈ ਤੋਂ ਮੈਡੀਕਲ ਰਿਪੋਰਟ ਮੰਗਵਾ ਲਈ ਹੈ। ਇਸ ਮੈਡੀਕਲ ਰਿਪੋਰਟ ਤੋਂ ਪਤਾ ਲੱਗੇਗਾ ਕਿ ਪ੍ਰਿਤਪਾਲ ਸਿੰਘ ਨੂੰ ਕਿਵੇਂ ਸੱਟਾਂ ਲੱਗੀਆਂ। ਦੱਸ ਦਈਏ ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ‘ਤੇ 21 ਫਰਵਰੀ ਨੂੰ ਹਰਿਆਣਾ ਪੁਲਿਸ ਨਾਲ ਹੋਈ ਝੜਪ ‘ਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਪੰਜਾਬ ਦਾ ਨੌਜਵਾਨ ਪ੍ਰਿਤਪਾਲ ਸਿੰਘ ਹੁਣ ਚੰਡੀਗੜ੍ਹ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। 21 ਫਰਵਰੀ ਨੂੰ ਘਟਨਾ ਤੋਂ ਬਾਅਦ ਹਰਿਆਣਾ ਪੁਲਿਸ ਉਸ ਨੂੰ ਚੁੱਕ ਕੇ ਰੋਹਤਕ ਪੀਜੀਆਈ ਲੈ ਗਈ ਸੀ। ਪੰਜਾਬ ਸਰਕਾਰ ਦੀ ਤਰਫੋਂ ਪੱਤਰ ਲਿਖਣ ਮਗਰੋਂ ਹੀ ਹਰਿਆਣਾ ਸਰਕਾਰ ਨੇ ਉਸ ਨੂੰ ਰੋਹਤਕ ਤੋਂ ਚੰਡੀਗੜ੍ਹ ਪੀਜੀਆਈ ਵਿੱਚ ਤਬਦੀਲ ਕੀਤਾ ਸੀ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਹੈਬੀਅਸ ਕਾਰਪਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ 28 ਫਰਵਰੀ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਅਧੀਨ ਪ੍ਰਿਤਪਾਲ ਠੀਕ ਤਰ੍ਹਾਂ ਬੋਲ ਵੀ ਨਹੀਂ ਪਾ ਰਿਹਾ ਪਰ ਉਸ ਨੇ ਆਪਣੀ ਹਾਲਤ ਲਈ ਸਿੱਧੇ ਤੌਰ ’ਤੇ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪ੍ਰਿਤਪਾਲ ਨੇ ਇੱਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ‘ਚ ਹਰਿਆਣਾ ਪੁਲਿਸ ਦਾ ਪਰਦਾਫਾਸ਼ ਕੀਤਾ ਹੈ। ਪ੍ਰਿਤਪਾਲ ਨੇ ਦੱਸਿਆ ਕਿ 21 ਫਰਵਰੀ ਨੂੰ ਉਹ ਪਹਿਲੀ ਵਾਰ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ‘ਚ ਗਿਆ ਸੀ। ਪੁਲਿਸ ਤੇ ਅਰਧ ਸੈਨਿਕ ਬਲਾਂ ਤੇ ਕਿਸਾਨਾਂ ਵਿਚਕਾਰ ਅਚਾਨਕ ਟਕਰਾਅ ਸ਼ੁਰੂ ਹੋ ਗਿਆ। ਇਸੇ ਦੌਰਾਨ ਹਰਿਆਣਾ ਪੁਲਿਸ ਦੇ ਕੁਝ ਮੁਲਾਜ਼ਮ ਅਚਾਨਕ ਅੱਗੇ ਵਧੇ ਤੇ ਉਸ ਨੂੰ ਚੁੱਕ ਕੇ ਆਪਣੀ ਹੱਦ ਤੱਕ ਲੈ ਗਏ। ਦੂਜੇ ਪਾਸੇ ਪਹੁੰਚ ਕੇ ਉਨ੍ਹਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਸਿਰ ‘ਤੇ ਬੁਰੀ ਤਰ੍ਹਾਂ ਮਾਰਿਆ ਤੇ ਜਬਾੜਾ ਤੋੜ ਦਿੱਤਾ। ਪ੍ਰਿਤਪਾਲ ਅਨੁਸਾਰ ਇਸ ਤੋਂ ਬਾਅਦ ਵੀ ਉਨ੍ਹਾਂ ਦਾ ਮਨ ਨਹੀਂ ਭਰਿਆ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਲੱਤਾਂ ਤੇ ਦੋਵੇਂ ਹੱਥ ਫੜ ਲਏ ਤੇ ਤੰਬੂ ਵਿੱਚ ਲੈ ਗਏ। ਉਨ੍ਹਾਂ ਨੇ ਤੰਬੂ ‘ਚ ਲਿਜਾ ਕੇ ਬੋਰੀ ‘ਚ ਪਾ ਕੇ ਹਵਾ ‘ਚ ਲਟਕਾਇਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਹਾਲਤ ਬਹੁਤ ਖਰਾਬ ਹੋ ਗਈ ਤਾਂ ਕਾਰ ਵਿੱਚ ਬਿਠਾ ਕੇ ਰੋਹਤਕ ਪੀਜੀਆਈ ਲੈ ਗਏ।