ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ। ਜਿਸ ਕਰਕੇ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਾਨਲੇਵਾ ਬਿਮਾਰੀ ਦੇ ਕਾਰਨ ਮਰ ਜਾਂਦੇ ਹਨ। ਕਈ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਹੈ। ਪਰ ਕਈ ਵਾਰ ਇਲਾਜ ਤੋਂ ਬਾਅਦ ਵੀ ਕੈਂਸਰ ਦਾ ਫਿਰ ਹਮਲਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਕੈਂਸਰ ਦੇ ਸਭ ਤੋਂ ਵੱਡੇ ਹਸਪਤਾਲ ਟਾਟਾ ਹਸਪਤਾਲ ਦੇ ਡਾਕਟਰਾਂ ਨੇ ਇਸ ਦਾ ਇਲਾਜ ਲੱਭ ਲਿਆ ਹੈ। ਡਾਕਟਰਾਂ ਨੇ ਇਕ ਅਜਿਹੀ ਗੋਲੀ ਤਿਆਰ ਕੀਤੀ ਹੈ, ਜੋ ਕੈਂਸਰ ਨੂੰ ਵਾਰ-ਵਾਰ ਹੋਣ ਤੋਂ ਰੋਕੇਗੀ ਅਤੇ ਕੀਮੋ-ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਨੂੰ ਵੀ ਘੱਟ ਕਰੇਗੀ। ਮੁੰਬਈ ਦਾ “ਟਾਟਾ ਮੈਮੋਰੀਅਲ ਹਸਪਤਾਲ”, ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਧੀਆ ਕੈਂਸਰ ਹਸਪਤਾਲਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਕੈਂਸਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੇ ਵਿਗਿਆਨੀਆਂ ਨੇ ਇੱਕ ਅਜਿਹੀ ਗੋਲੀ ਤਿਆਰ ਕੀਤੀ ਹੈ ਜੋ ਕੈਂਸਰ ਦੇ ਇਲਾਜ ਵਿੱਚ ਮਦਦ ਕਰ ਸਕਦੀ ਹੈ ਅਤੇ ਕੈਂਸਰ ਦੀ ਦੂਜੀ ਵਾਰ ਹੋਣ ਦੇ ਮਾਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।
ਟਾਟਾ ਮੈਮੋਰੀਅਲ ਹਸਪਤਾਲ ਦੇ ਸੀਨੀਅਰ ਕੈਂਸਰ ਸਰਜਨ ਅਤੇ ਸਾਬਕਾ ਡਾਇਰੈਕਟਰ ਡਾ: ਰਾਜਿੰਦਰ ਬਡਵੇ ਨੇ ਦੱਸਿਆ ਕਿ 100 ਰੁਪਏ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਸਸਤਾ ਇਲਾਜ ਸਾਬਤ ਹੋਵੇਗਾ, ਜਿਸ ਵਿੱਚ ਥੈਰੇਪੀ ਦੇ ਮਾੜੇ ਪ੍ਰਭਾਵਾਂ ਵਿੱਚ 50% ਤੱਕ ਕਮੀ ਆਉਣ ਦੀ ਉਮੀਦ ਹੈ ਅਤੇ ਲਗਭਗ 30% ਸੰਭਾਵਨਾਵਾਂ ਹਨ ਕਿ ਕੈਂਸਰ ਦੁਬਾਰਾ ਨਹੀਂ ਫੈਲੇਗਾ। ਡਾ: ਰਾਜਿੰਦਰ ਬਡਵੇ ਨੇ ਕਿਹਾ, “ਇਹ ਟੈਬਲੇਟ ਕੈਂਸਰ ਦੇ ਇਲਾਜ ਦੇ ਮਾੜੇ ਪ੍ਰਭਾਵਾਂ ਨੂੰ ਲਗਭਗ 50% ਤੱਕ ਘਟਾ ਦੇਵੇਗੀ ਅਤੇ ਦੂਜੀ ਵਾਰ ਕੈਂਸਰ ਨੂੰ ਰੋਕਣ ਵਿੱਚ ਲਗਭਗ 30% ਪ੍ਰਭਾਵਸ਼ਾਲੀ ਹੈ। ਜਦੋਂ ਕਿ ਇਸ ਦੇ ਇਲਾਜ ‘ਤੇ ਲੱਖਾਂ ਤੋਂ ਕਰੋੜਾਂ ਦੇ ਬਜਟ ਵਿੱਚ ਖਰਚ ਹੁੰਦਾ ਹੈ, ਇਸ ਦੀ ਸਿਰਫ 100 ਰੁਪਏ ਦੀ ਕੀਮਤ ਹੈ।” ਇਹ ਹਰ ਜਗ੍ਹਾ 100 ਰੁਪਏ ਵਿੱਚ ਉਪਲਬਧ ਹੋਵੇਗੀ। ਇਸ ਦੇ ਜੂਨ-ਜੁਲਾਈ ਤੱਕ ਮਨਜ਼ੂਰ ਹੋਣ ਦੀ ਉਮੀਦ ਹੈ।” ਇਸ ਖੋਜ ਲਈ ਚੂਹਿਆਂ ਵਿੱਚ ਮਨੁੱਖੀ ਕੈਂਸਰ ਸੈੱਲਾਂ ਨੂੰ ਦਾਖਲ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਿੱਚ ਟਿਊਮਰ ਵਿਕਸਿਤ ਹੋਏ, ਫਿਰ ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ ਅਤੇ ਸਰਜਰੀ ਰਾਹੀਂ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਹ ਪਾਇਆ ਗਿਆ ਕਿ ਜਦੋਂ ਕੈਂਸਰ ਸੈੱਲ ਮਰ ਜਾਂਦੇ ਹਨ, ਉਹ ਬਹੁਤ ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ, ਇਨ੍ਹਾਂ ਟੁਕੜਿਆਂ ਨੂੰ ਕ੍ਰੋਮੈਟਿਨ ਕਣ ਕਿਹਾ ਜਾਂਦਾ ਹੈ। ਕ੍ਰੋਮੈਟਿਨ ਕਣ ਖੂਨ ਦੇ ਪ੍ਰਵਾਹ ਰਾਹੀਂ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਜਾ ਸਕਦੇ ਹਨ ਅਤੇ ਜਦੋਂ ਉਹ ਸਿਹਤਮੰਦ ਸੈੱਲਾਂ ਵਿੱਚ ਦਾਖਲ ਹੁੰਦੇ ਹਨ ਤਾਂ ਉਹ ਉਹਨਾਂ ਨੂੰ ਕੈਂਸਰ ਸੈੱਲਾਂ ਵਿੱਚ ਬਦਲ ਸਕਦੇ ਹਨ, ਜਿਸ ਨਾਲ ਕੈਂਸਰ ਨਸ਼ਟ ਹੋਣ ਤੋਂ ਬਾਅਦ ਵੀ ਵਾਪਸ ਆ ਸਕਦਾ ਹੈ। ਇਸ ਸਮੱਸਿਆ ਦਾ ਹੱਲ ਲੱਭਣ ਲਈ ਡਾਕਟਰਾਂ ਨੇ ਚੂਹਿਆਂ ਨੂੰ ਰੇਸਵੇਰਾਟ੍ਰੋਲ ਅਤੇ ਕਾਪਰ ਦੀ ਸੰਯੁਕਤ ਪ੍ਰੋ-ਆਕਸੀਡੈਂਟ ਗੋਲੀਆਂ ਦਿੱਤੀਆਂ। ਇਹ ਗੋਲੀਆਂ ਕ੍ਰੋਮੈਟਿਨ ਕਣਾਂ ਦੇ ਪ੍ਰਭਾਵ ਨੂੰ ਰੋਕਣ ਵਿੱਚ ਲਾਭਦਾਇਕ ਸਨ। ਟਾਟਾ ਦੇ ਡਾਕਟਰ ਲਗਭਗ ਇਕ ਦਹਾਕੇ ਤੋਂ ਇਸ ਟੈਬਲੇਟ ‘ਤੇ ਕੰਮ ਕਰ ਰਹੇ ਸਨ ਅਤੇ ਆਖਰਕਾਰ ਉਨ੍ਹਾਂ ਨੂੰ ਸਫਲਤਾ ਮਿਲੀ। ਵਰਤਮਾਨ ਵਿੱਚ, ਟੈਬਲੇਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ (FSSAI) ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।