ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸਰਕਾਰ ਵਿੱਚ ਨਹੀਂ ਰਹ੍ ਸਕਦਾ। ਉਂਝ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਹਰ ਹਾਲਤ ਵਿੱਚ ਕਾਇਮ ਰਹੇ। ਮੀਡੀਆ ਸਾਹਮਣੇ ਆਉਂਦਿਆ ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਹੈ ਕਿ ਹਿਮਾਚਲ ਦੀ ਸਥਿਤੀ ਚਿੰਤਾਜਨਕ ਹੈ। ਇਹ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਨੂੰ ਫਤਵਾ ਮਿਲਿਆ ਸੀ ਪਰ ਵਿਧਾਇਕਾਂ ਦੀ ਅਣਦੇਖੀ ਕੀਤੀ ਗਈ। ਇਹ ਸਭ ਵਿਧਾਇਕਾਂ ਦੀ ਅਣਦੇਖੀ ਦਾ ਹੀ ਨਤੀਜਾ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਉਪਰ ਸੰਕਟ ਦੇ ਬੱਦਲ ਛਾਏ ਹੋਏ ਹਨ। ਰਾਜ ਸਭਾ ਚੋਣਾਂ ਦੌਰਾਨ ਨੌਂ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖ਼ਤਰੇ ਵਿੱਚ ਹੈ। ਰਾਜ ਸਭਾ ਚੋਣਾਂ ਦੌਰਾਨ ਛੇ ਕਾਂਗਰਸ ਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ ਹੈ।
ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੀ ਅਗਵਾਈ ‘ਚ ਭਾਜਪਾ ਵਿਧਾਇਕਾਂ ਨੇ ਬੁੱਧਵਾਰ ਨੂੰ ਰਾਜ ਭਵਨ ‘ਚ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਮੰਗ ਪੱਤਰ ਵੀ ਸੌਂਪਿਆ। ਭਾਜਪਾ ਵਿਧਾਇਕਾਂ ਨੇ ਸਦਨ ‘ਚ ਫਲੋਰ ਟੈਸਟ, ਕੱਟ ਮੋਸ਼ਨ ਤੇ ਵਿੱਤੀ ਬਿੱਲ ਉਪਰ ਵੋਟ ਡਿਵੀਜ਼ ਦੀ ਮੰਗ ਕੀਤੀ। ਵਿਰੋਧੀ ਧਿਰ ਦੀ ਮੰਗ ‘ਤੇ ਜੇਕਰ ਰਾਜਪਾਲ ਨੇ ਬਹੁਮਤ ਸਾਬਤ ਕਰਨ ਲਈ ਕਿਹਾ ਤਾਂ ਸੁੱਖੂ ਸਰਕਾਰ ਫਸ ਸਕਦੀ ਹੈ, ਕਿਉਂਕਿ ਕਾਂਗਰਸ ਕੋਲ ਹੁਣ ਬਹੁਮਤ ਨਹੀਂ ਰਿਹਾ। ਰਾਜ ਸਭਾ ਮੈਂਬਰਾਂ ਦੀ ਵੋਟਿੰਗ ਮੁਤਾਬਕ ਕਾਂਗਰਸ ਕੋਲ 34 ਵੋਟਾਂ ਹਨ। ਇਨ੍ਹਾਂ ਵਿੱਚ ਵੀ ਸਪੀਕਰ ਤੇ ਡਿਪਟੀ ਸਪੀਕਰ ਵੋਟ ਨਹੀਂ ਪਾ ਸਕਦੇ। ਇਸ ਲਿਹਾਜ਼ ਨਾਲ ਕਾਂਗਰਸ ਕੋਲ ਸਿਰਫ 32 ਵੋਟਾਂ ਬਚੀਆਂ ਹਨ। ਇਸ ਲਿਹਾਜ਼ ਨਾਲ ਭਾਜਪਾ ਕੋਲ ਹੁਣ ਗਿਣਤੀ ਪੱਖੋਂ ਵਧੇਰੇ ਤਾਕਤ ਜਾਪਦੀ ਹੈ। ਉਂਝ ਕਾਂਗਰਸ ਲਈ ਰਾਹਤ ਦੀ ਗੱਲ ਇਹ ਹੈ ਕਿ ਦਲ-ਬਦਲ ਵਿਰੋਧੀ ਕਾਨੂੰਨ ਪਾਰਟੀ ਦੇ ਵਿਧਾਇਕਾਂ ਨੂੰ ਸਰਕਾਰ ਵਿਰੁੱਧ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੰਦਾ।