Home latest News ਕਿਸਾਨ ਅੰਦੋਲਨ ਦੀ ਹਮਾਇਤ ਲਈ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਰਿਆਣਾ ਦੇ...

ਕਿਸਾਨ ਅੰਦੋਲਨ ਦੀ ਹਮਾਇਤ ਲਈ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਰਿਆਣਾ ਦੇ ਸਿੱਖ

52
0

ਕਿਸਾਨ ਅੰਦੋਲਨ ਦੀ ਹਮਾਇਤ ਲਈ ਹਰਿਆਣਾ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ। ਐਤਵਾਰ ਨੂੰ ਹਰਿਆਣਾ ਤੋਂ ਆਏ ਸਿੱਖਾਂ ਦੇ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਹੈ ਕਿ ਉਹ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਲਈ ਆਦੇਸ਼ ਜਾਰੀ ਕਰਨ ਕਿ ਇਹ ਸੰਘਰਸ਼ ਵੱਖ-ਵੱਖ ਤੌਰ ’ਤੇ ਨਹੀਂ ਸਗੋਂ ਇਕੱਠੇ ਹੋ ਕੇ ਲੜਿਆ ਜਾਵੇ। ਹਰਿਆਣਾ ਤੋਂ ਆਏ ਇਸ ਸਿੱਖ ਵਫਦ ਦੀ ਅਗਵਾਈ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲੇ ਕਰ ਰਹੇ ਸਨ। ਉਨ੍ਹਾਂ ਤੋਂ ਇਲਾਵਾ ਵਫ਼ਦ ਵਿੱਚ ਦਲਵਿੰਦਰ ਸਿੰਘ ਮੱਟੂ ,ਐਡਵੋਕੇਟ ਅੰਗਰੇਜ਼ ਸਿੰਘ ਪੰਨੂ, ਕਿਸਾਨ ਆਗੂ, ਸਿੱਖ ਚਿੰਤਕ ਤੇ ਬੁੱਧੀਜੀਵੀ ਸ਼ਾਮਲ ਸਨ। ਵਫ਼ਦ ਨੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ’ਤੇ ਚਿੰਤਾ ਪ੍ਰਗਟਾਈ। ਦੱਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ -ਹਰਿਆਣਾ ਸਰਹੱਦ ਤੇ ਵੱਡੀਆਂ ਰੋਕਾਂ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਮਗਰੋਂ ਕਿਸਾਨਾਂ ’ਤੇ ਤਸ਼ੱਦਦ ਕੀਤਾ ਗਿਆ। ਇਸ ਅੰਦੋਲਨ ਦੌਰਾਨ ਇਹ ਪਹਿਲੀ ਵਾਰ ਹੈ ਕਿ ਹਰਿਆਣਾ ਦੇ ਸਿੱਖਾਂ ਨੇ ਅੱਗੇ ਆ ਕੇ ਸਰਕਾਰਾਂ ਦੇ ਕਿਸਾਨਾਂ ਪ੍ਰਤੀ ਵਰਤਾਰੇ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਵਫ਼ਦ ਨੇ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਤੌਰ ’ਤੇ ਸੰਘਰਸ਼ ਕੀਤੇ ਜਾਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਵੱਲੋਂ ਇੱਕ ਆਦੇਸ਼ ਜਾਰੀ ਕਰਨ ਤਾਂ ਜੋ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋ ਕੇ ਸੰਘਰਸ਼ ਕਰਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਦੋਂ ਕਿਸਾਨ ਜਥੇਬੰਦੀਆਂ ਨੇ ਇੱਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਕੀਤਾ ਸੀ ਤਾਂ ਸਰਕਾਰ ਨੂੰ ਝੁਕਣਾ ਪਿਆ ਸੀ।

ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਜਥੇਦਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਜੋ ਖ਼ਦਸ਼ੇ ਪ੍ਰਗਟਾਏ ਗਏ ਹਨ ਉਹ ਉਨ੍ਹਾਂ ਪ੍ਰਤੀ ਠੋਸ ਕਦਮ ਉਠਾਉਣਗੇ। ਵਫ਼ਦ ਵਿੱਚ ਸਿੱਖ ਚਿੰਤਕ ਗੁਰਦੀਪ ਸਿੰਘ, ਭਾਈ ਬਲਜਿੰਦਰ ਸਿੰਘ ਸਤਿਕਾਰ ਸਭਾ, ਬਘੇਲ ਸਿੰਘ, ਭਾਈ ਗੁਰਬੂਟ ਸਿੰਘ, ਬਲਬੀਰ ਸਿੰਘ, ਜਰਨੈਲ ਸਿੰਘ ਗੁਰਭੇਜ ਸਿੰਘ ਸ਼ਾਮਲ ਸਨ।

Previous articleਦਿਲਜੀਤ ਦੋਸਾਂਝ ਨੇ ਸੈਫ ਅਲੀ ਖਾਨ ਸਾਹਮਣੇ ਕਰੀਨਾ ਕਪੂਰ ਨਾਲ ਕੀਤਾ ਫਲਰਟ
Next articleਚੰਡੀਗੜ੍ਹ ਨੂੰ ਮਿਲਣਗੇ ਅੱਜ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ

LEAVE A REPLY

Please enter your comment!
Please enter your name here