ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਭਾਜਪਾ ਨੇ ਹੁਣ ਦੂਜੀ ਸੂਚੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਕੀ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਮੰਗਲਵਾਰ ਨੂੰ ਭਾਜਪਾ ਕੋਰ ਗਰੁੱਪ ਦੀ ਬੈਠਕ ‘ਚ ਚਰਚਾ ਕੀਤੀ ਜਾਣੀ ਹੈ। ਸੂਤਰਾਂ ਮੁਤਾਬਕ ਦੂਜੀ ਸੂਚੀ ਸਭ ਤੋਂ ਜ਼ਿਆਦਾ ਚਰਚਾ ‘ਚ ਹੋ ਸਕਦੀ ਹੈ ਕਿਉਂਕਿ ਇਸ ‘ਚ ਕਈ ਮੰਤਰੀਆਂ ਅਤੇ ਮੌਜੂਦਾ ਸੰਸਦ ਮੈਂਬਰਾਂ ਨੂੰ ਨਵੇਂ ਚਿਹਰਿਆਂ ਨਾਲ ਬਦਲਣ ਅਤੇ ਕੁਝ ਵੱਡੇ ਚਿਹਰਿਆਂ ਦੀਆਂ ਸੀਟਾਂ ਬਦਲਣ ਵਰਗੇ ਫੈਸਲੇ ਲਏ ਗਏ ਹਨ। ਪਹਿਲੀ ਸੂਚੀ ਵਿੱਚ ਪਾਰਟੀ ਨੇ ਤਿੰਨ ਕੇਂਦਰੀ ਮੰਤਰੀਆਂ ਸਮੇਤ 34 ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ।
ਇਸ ਦੇ ਨਾਲ ਹੀ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ 7 ਸੰਸਦ ਮੈਂਬਰਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਦੂਜੀ ਸੂਚੀ ‘ਚ ਮਹਾਰਾਸ਼ਟਰ ਅਤੇ ਬਿਹਾਰ ਵਰਗੇ ਉਨ੍ਹਾਂ ਸੂਬਿਆਂ ਦੇ ਨਾਂ ਅਤੇ ਸੀਟਾਂ ‘ਤੇ ਚਰਚਾ ਕੀਤੀ ਜਾਣੀ ਹੈ, ਜਿੱਥੇ ਭਾਜਪਾ ਦੇ ਮਜ਼ਬੂਤ ਸਹਿਯੋਗੀ ਹਨ। ਇਨ੍ਹਾਂ ਰਾਜਾਂ ਦੀਆਂ ਭਾਈਵਾਲ ਪਾਰਟੀਆਂ ਨਾ ਸਿਰਫ਼ ਵੱਧ ਸੀਟਾਂ ਦੀ ਆਸ ਰੱਖ ਰਹੀਆਂ ਹਨ, ਸਗੋਂ ਤਰਜੀਹੀ ਸੀਟ ਦਾ ਵੀ ਮਾਮਲਾ ਹੈ। ਅਜਿਹੇ ‘ਚ ਭਾਜਪਾ ਜਿਨ੍ਹਾਂ ਸੀਟਾਂ ਨੂੰ ਫਾਈਨਲ ਮੰਨ ਰਹੀ ਹੈ, ਉਨ੍ਹਾਂ ‘ਤੇ ਪਹਿਲਾਂ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਮਹਾਰਾਸ਼ਟਰ ‘ਚ ਸਹਿਯੋਗੀ ਪਾਰਟੀਆਂ ਦੇ ਅੰਦਰੂਨੀ ਮਤਭੇਦਾਂ ਦੀਆਂ ਖਬਰਾਂ ਵਿਚਾਲੇ ਅਮਿਤ ਸ਼ਾਹ ਸੋਮਵਾਰ ਨੂੰ ਸੂਬੇ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ। ਉਹ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ ਅਤੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਣਗੇ। ਇਸੇ ਤਰ੍ਹਾਂ ਪੰਜਾਬ ਵਿੱਚ ਹਾਲੇ ਤੱਕ ਸੀਟਾਂ ਸਬੰਧੀ ਫੈਸਲਾ ਨਹੀਂ ਹੋ ਸਕਿਆ। ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਗਠਜੋੜ ‘ਚ ਆ ਸਕਦੇ ਹਨ। ਇਸ ਤੋਂ ਬਾਅਦ ਹੀ ਸੀਟਾਂ ਦੀ ਵੰਡ ਦਾ ਫੈਸਲਾ ਲਿਆ ਜਾ ਸਕੇਗਾ।