ਪੰਜਾਬ ਸਰਕਾਰ ਅੱਜ ਸਾਲ 2024-25 ਲਈ ਬਜਟ ਪੇਸ਼ ਕਰਨ ਜਾ ਰਹੀ ਹੈ। ਵਿਧਾਨ ਸਭਾ ਦੇ ਸੈਸ਼ਨ ਵਿੱਚ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰਨਗੇ। ਮਾਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਬਜਟ ਪੰਜਾਬੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ। ਦੂਜੇ ਪਾਸੇ ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਪੰਜਾਬ ਵਿੱਚ ਮਹਿਲਾਵਾਂ ਲਈ ਮਾਨ ਸਰਕਾਰ ਆਪਣੇ ਬਜਟ ਵਿੱਚ ਵੱਡਾ ਐਲਾਨ ਕਰ ਸਕਦੀ ਹੈ। ਕਿਉਂਕਿ ਬੀਤੇ ਦਿਨ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਵੀ ਬਜਟ ਪੇਸ਼ ਕੀਤਾ ਸੀ ਜਿਸ ਵਿੱਚ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਹ ਬਜਟ ਖਾਸ ਵੀ ਰਹਿਣ ਵਾਲਾ ਹੈ। ਕਿਉਂਕਿ ਲੋਕ ਸਭਾ ਚੋਣਾਂ ਵੀ ਅਗਲੇ ਮਹੀਨੇ ਤੱਕ ਹੋਣ ਵਾਲੀਆਂ ਹਨ। ਅਜਿਹੇ ਵਿੱਚ ਸਰਕਾਰ ਕੋਸ਼ਿਸ਼ ਕਰੇਗੀ ਕਿ ਇਸ ਬਜਟ ਵਿੱਚ ਲੋਕਾਂ ਲਈ ਵੱਡੇ ਐਲਾਨ ਕੀਤੇ ਜਾਣ। ਪੰਜਾਬ ਦੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਨੇ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਲਾਭ 18 ਸਾਲ ਦੀ ਉਮਰ ਤੋਂ ਉੱਪਰ ਵਾਲੀਆਂ ਮਹਿਲਾਵਾਂ ਨੂੰ ਮਿਲੇਗਾ। ਅਜਿਹੇ ‘ਚ ਪੰਜਾਬ ਦੀਆਂ ਉਮੀਦਾਂ ਵੀ ਵਧ ਗਈਆਂ ਹਨ। ਪੰਜਾਬ ਦਾ ਬਜਟ ਸੈਸ਼ਨ 1 ਮਾਰਚ ਨੂੰ ਰਾਜਪਾਲ ਬੀਐਲ ਪੁਰੋਹਿਤ ਦੇ ਸੰਬੋਧਨ ਨਾਲ ਸ਼ੁਰੂ ਹੋਇਆ। ਹਾਲਾਂਕਿ ਕਾਂਗਰਸ ਦੇ ਵਿਰੋਧ ਤੋਂ ਬਾਅਦ ਉਹ ਆਪਣਾ ਭਾਸ਼ਣ ਪੂਰੀ ਤਰ੍ਹਾਂ ਪੜ੍ਹ ਵੀ ਨਹੀਂ ਸਕੇ। ਇਸ ਦੇ ਨਾਲ ਹੀ ਬਾਅਦ ਦੁਪਹਿਰ ਮ੍ਰਿਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਫਿਰ 4 ਮਾਰਚ ਨੂੰ ਰਾਜਪਾਲ ਦੇ ਸੰਬੋਧਨ ‘ਤੇ ਬਹਿਸ ਹੋਈ। ਹਾਲਾਂਕਿ ਇਸ ਦੌਰਾਨ ਵੀ ਸਦਨ ‘ਚ ਹੰਗਾਮਾ ਹੋਇਆ ਪਰ ਸੈਸ਼ਨ ਦਿਨ ਭਰ ਚੱਲਦਾ ਰਿਹਾ। ਅੱਜ ਬਜਟ ਸੈਸ਼ਨ ਹੋਵੇਗਾ। ਜਦਕਿ ਅਗਲੇ ਦਿਨ ਬਜਟ ‘ਤੇ ਬਹਿਸ ਹੋਵੇਗੀ। 7 ਮਾਰਚ ਗੈਰ-ਸਰਕਾਰੀ ਦਿਨ ਹੋਵੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 8, 9 ਅਤੇ 10 ਮਾਰਚ ਨੂੰ ਸਰਕਾਰੀ ਛੁੱਟੀਆਂ ਹੋਣਗੀਆਂ। ਜਦਕਿ 11 ਮਾਰਚ ਅਤੇ 12 ਮਾਰਚ ਨੂੰ ਵਿਧਾਨ ਸਭਾ ਦਾ ਕੰਮਕਾਜ ਹੈ। ਇਸ ਵਿੱਚ ਬਿੱਲ ਪੇਸ਼ ਕੀਤੇ ਜਾਣਗੇ। 13 ਮਾਰਚ ਅਤੇ 14 ਮਾਰਚ ਗੈਰ-ਸਰਕਾਰੀ ਦਿਨ ਹਨ। ਇਸ ਦਿਨ ਨਿੱਜੀ ਬਿੱਲ ਲਿਆਂਦੇ ਜਾਣਗੇ। 15 ਮਾਰਚ ਨੂੰ ਵੀ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਇਸ ਦਿਨ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ।