ਪੁਲਿਸ ਨੇ ਈਮੇਲ ਕਰਨ ਵਾਲਾ ਮੁਲਜ਼ਮ ਕੀਤਾ ਗ੍ਰਿਫ਼ਤਾਰ
ਮਾਲੇਰਕੋਟਲਾ ਡੀਸੀ ਦਫ਼ਤਰ ਵਿਖੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਇਕ ਮੇਲ ਰਾਹੀਂ ਦਿੱਤੀਆਂ ਗਈਆਂ ਸਨ ਜਿਸ ਦੀ ਸ਼ਿਕਾਇਤ ਡੀਸੀ ਦਫ਼ਤਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ।ਡੀਐੱਸਪੀ ਗੁਰਦੇਵ ਸਿੰਘ,ਸੀਆਈਏ ਸਟਾਫ਼ ਮੋਹਰਾਣਾ,ਅਤੇ ਸਾਈਬਰ ਸੈੱਲ ਵੱਲੋ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਰਾਜਦੀਪ ਸਿੰਘ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਲੋਦੋ ਦਾ ਰਹਿਣ ਵਾਲਾ ਹੈ। ਉਧਰ, ਐੱਸਪੀ ਵੈਭਵ ਸਹਿਗਲ ਵੱਲੋ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਗਈ ਕਿ ਇਸ ਆਰੋਪੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਹੈ ਜਿਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਉਸ ਕੋਲੋਂ 3 ਡਿਵਾਈਸ ਆਈ ਫੋਨ, ਵੀਵੋ ਫੋਨ ਰੀਆਲਮੀ ਫੋਨ ਅਤੇ ਵੱਖੋ-ਵੱਖ ਸਿਮ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਲੜਕੀ ਨਾਲ ਉਸ ਨੂੰ ਪਿਆਰ ਸੀ ਅਤੇ ਉਸਦੀ ਮੰਗਣੀ ਕੀਤੇ ਹੋਰ ਹੋਣ ਕਰਕੇ ਉਸ ਤੋਂ ਬਦਲਾ ਲੈਣ ਅਤੇ ਉਸਨੂੰ ਫਸਾਉਣ ਲਈ ਉਸਦੀ ਮੇਲ ਆਈਡੀ ਹੈਕ ਕਰ ਕੇ ਇਹ ਸਭ ਮੇਲ ਕੀਤੀਆਂ ਅਤੇ ਇਸ ਸਭ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਖਿ਼ਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।