ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਚੋਣ ਪ੍ਰਚਾਰ ’ਚ ਮੰਗਲਵਾਰ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਤਰੇ ਤੇ ਉਨ੍ਹਾਂ ਢਿੱਲਵਾਂ, ਮੌੜ ਸਮੇਤ ਕਈ ਪਿੰਡਾਂ ’ਚ ਖਹਿਰਾ ਦੇ ਹੱਕ ’ਚ ਭਰਵੀਆਂ ਚੋਣ ਰੈਲੀਆਂ ਕੀਤੀਆਂ।
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਚੋਣ ਪ੍ਰਚਾਰ ’ਚ ਮੰਗਲਵਾਰ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਤਰੇ ਤੇ ਉਨ੍ਹਾਂ ਢਿੱਲਵਾਂ, ਮੌੜ ਸਮੇਤ ਕਈ ਪਿੰਡਾਂ ’ਚ ਖਹਿਰਾ ਦੇ ਹੱਕ ’ਚ ਭਰਵੀਆਂ ਚੋਣ ਰੈਲੀਆਂ ਕੀਤੀਆਂ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਖ਼ੁਸ਼ਖ਼ਬਰੀ ਦੇਣਾ ਚਾਹੁੰਦਾ ਹਾਂ ਕਿ ਇੰਡੀਆ ਗੱਠਜੋੜ ਨੇ ਫ਼ੈਸਲਾ ਕਰ ਲਿਆ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਹੋਂਦ ’ਚ ਆਈ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ 32 ਫ਼ਸਲਾਂ ’ਤੇ ਐੱਮਐੱਸਪੀ ਸਵਾਮੀਨਾਥਨ ਕਮਿਸ਼ਨ ਦੇ ਫ਼ੈਸਲੇ ’ਤੇ ਦੇਣੀ ਆਰੰਭ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਵੀ ਪਹਿਲੀ ਵਾਰ ’ਚ ਹੀ ਮਾਫ਼ ਕੀਤੇ ਜਾਣਗੇ।
ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਖੜਗੇ ਤੇ ਰਾਹੁਲ ਗਾਂਧੀ ਸਮੇਤ ਸਮੁੱਚੇ ਇੰਡੀਆ ਗੱਠਜੋੜ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਮਨਰੇਗਾ ਸਕੀਮ ਤਹਿਤ ਪਹਿਲਾਂ ਪਿੰਡਾਂ ’ਚ ਮਜ਼ਦੂਰਾਂ ਨੂੰ 303 ਰੁਪਏ ਪ੍ਰਤੀ ਦਿਨ ਦਿਹਾੜੀ ਦਿੱਤੀ ਜਾਂਦੀ ਸੀ ਪਰ ਇੰਡੀਆ ਸਰਕਾਰ ਆਉਣ ’ਤੇ ਇਹ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ’ਚ ਵੀ ਲਾਗੂ ਹੋਵੇਗੀ ਤੇ ਪ੍ਰਤੀ ਦਿਨ ਦਿਹਾੜੀ ਵੀ 400 ਰੁਪਏ ਹੋਵੇਗੀ। ਬਾਜਵਾ ਨੇ ਕਿਹਾ ਕਿ ਭਾਰਤੀ ਫ਼ੌਜ ’ਚ ਅਗਨੀਵੀਰ ਸਕੀਮ ਖ਼ਤਮ ਕਰ ਕੇ ਰੈਗੂਲਰ ਫ਼ੌਜ ਦੀ ਭਰਤੀ ਆਰੰਭ ਕੀਤੀ ਜਾਵੇਗੀ। ਇਸ ਤੋਂ ਇਲਾਵਾ 25 ਸਾਲ ਤੋਂ ਘੱਟ ਬੇਰੁਜ਼ਗਾਰ ਮੁੰਡੇ\\ਕੁੜੀਆਂ ਨੂੰ 1 ਲੱਖ ਰੁਪਏ ਕੰਮਕਾਰ ਚਲਾਉਣ ਲਈ ਦਿੱਤੇ ਜਾਣਗੇ।
ਬਾਜਵਾ ਨੇ ਇਹ ਵੀ ਕਿਹਾ ਕਿ ਹਲਕਾ ਸੰਗਰੂਰ ਦੇ ਲੋਕ ਚੰਗੀ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਸੁਖਪਾਲ ਸਿੰਘ ਖਹਿਰਾ ਦੇ ਰੂਪ ’ਚ ਇਕ ਯੋਗ ਉਮੀਦਵਾਰ ਮਿਲਿਆ ਹੈ, ਜਿਹੜਾ ਉਨ੍ਹਾਂ ਦੀ ਆਵਾਜ਼ ਮਜ਼ਬੂਤੀ ਨਾਲ ਪਾਰਲੀਮੈਂਟ ’ਚ ਉਠਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਭਦੌੜ ਪਰਮਿਲ ਸਿੰਘ ਧੌਲਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਾਕ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸੂਰਤ ਸਿੰਘ ਬਾਜਵਾ, ਬਲਦੇਵ ਭੁੱਚਰ, ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ।