ਮਾੜੀ ਆਰਥਿਕ ਹਾਲਤ ਅਤੇ ਜੱਦੀ ਜਾਇਦਾਦ ‘ਤੇ ਕਬਜ਼ਾ ਹੋਣ ਕਾਰਨ ਗਲੋਰੀ ਨੇ 2 ਹਫਤੇ ਪਹਿਲਾਂ ਸੋਸ਼ਲ ਮੀਡੀਆ ‘ਤੇ ਦੇਸ਼ ਛੱਡਣ ਦਾ ਐਲਾਨ ਕੀਤਾ ਸੀ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਮਰਹੂਮ ਪੰਜਾਬੀ ਲੋਕ ਗਾਇਕਾ ਤੇ ਪਦਮ ਭੂਸ਼ਣ ਐਵਾਰਡੀ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ 25 ਲੱਖ ਰੁਪਏ ਦੀ ਮਦਦ ਕੀਤੀ ਹੈ। ਅਦਾਕਾਰ ਨੇ ਗਲੋਰੀ ਬਾਵਾ ਦੇ ਸਿੱਧੇ ਬੈਂਕ ਅਕਾਊਂਟ ਵਿੱਚ ਪੈਸੇ ਪਾਏ ਹਨ। ਦਰਅਸਲ ਗਲੋਰੀ ਬਾਵਾ ਨੇ ਕੁਝ ਦਿਨ ਪਹਿਲਾਂ ਫੇਸਬੁੱਕ ਪੋਸਟ ਪਾ ਕੇ ਮਦਦ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਵੀ ਉਨ੍ਹਾਂ ਦੇ ਘਰ ਪਹੁੰਚੇ ਤੇ ਇਕ ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਨੇ ਵੀ ਇਕ ਲੱਖ ਰੁਪਏ ਦਿੱਤੇ ਸਨ।
ਮਾੜੀ ਆਰਥਿਕ ਹਾਲਤ ਅਤੇ ਜੱਦੀ ਜਾਇਦਾਦ ‘ਤੇ ਕਬਜ਼ਾ ਹੋਣ ਕਾਰਨ ਗਲੋਰੀ ਨੇ 2 ਹਫਤੇ ਪਹਿਲਾਂ ਸੋਸ਼ਲ ਮੀਡੀਆ ‘ਤੇ ਦੇਸ਼ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਕਬਜ਼ੇ ਛੁਡਵਾਏ ਜਾਣਗੇ।
ਕੌਣ ਹਨ ਗੁਰਮੀਤ ਬਾਵਾ
ਗੁਰਮੀਤ ਬਾਵਾ ਨੇ ਆਪਣੀ ਜ਼ਿੰਦਗੀ ਦੇ 50 ਤੋਂ ਵੱਧ ਸਾਲ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤੇ ਹਨ। ਜਨਵਰੀ 2022 ਵਿੱਚ, ਉਨ੍ਹਾਂ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਗੁਰਦਾਸਪੁਰ ਦੇ ਜੰਮਪਲ ਗੁਰਮੀਤ ਬਾਵਾ ਰਵਾਇਤੀ ਪੰਜਾਬੀ ਲੋਕ ਗਾਇਕੀ ਨੂੰ ਵਿਦੇਸ਼ਾਂ ਤਕ ਲੈ ਕੇ ਗਏ। ਮਕਬੂਲ ਗੁਰਮੀਤ ਬਾਵਾ ਨੂੰ ਘੋੜੀ, ਜੁਗਨੀ ਆਦਿ ‘ਚ ਲੰਮੀ ਹੇਕ ਲਈ ਮਲਿਕਾ-ਏ-ਹੇਕ ਦਾ ਖਿਤਾਬ ਮਿਲਿਆ ਸੀ। ਉਨ੍ਹਾਂ ਦੀ ਹੇਕ 45 ਸੈਕਿੰਡ ਤਕ ਚੱਲੀ, ਜੋ ਅੱਜ ਤੱਕ ਦਾ ਵਿਸ਼ਵ ਰਿਕਾਰਡ ਹੈ।