Home Desh Punjab News: ਜਲੰਧਰ ਹਲਕਾ ਪੱਛਮੀ ਦੀ ਜਿਮਨੀ ਚੋਣ ਵਾਸਤੇ 181 ਪੋਲਿੰਗ ਬੂਥਾਂ...

Punjab News: ਜਲੰਧਰ ਹਲਕਾ ਪੱਛਮੀ ਦੀ ਜਿਮਨੀ ਚੋਣ ਵਾਸਤੇ 181 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

57
0

 ਚੋਣ ਦੌਰਾਨ ਕਿਸੇ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ ਦੀ ਕੱਲ੍ਹ 10 ਜੁਲਾਈ ਨੂੰ ਹੋਣ ਜਾ ਰਹੀ ਉਪ ਚੋਣ ਲਈ ਮੰਗਲਵਾਰ ਨੂੰ 181 ਪੋਲਿੰਗ ਪਾਰਟੀਆਂ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸਥਾਪਤ ਡਿਸਪੈਚ ਸੈਂਟਰ ਤੋਂ ਵੋਟਿੰਗ ਮਸ਼ੀਨਾਂ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਮਨੀ ਚੋਣ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਕੁੱਲ 171963 ਵੋਟਰਾਂ, ਜਿਨ੍ਹਾਂ ਵਿੱਚ 89629 ਪੁਰਸ਼, 82326 ਮਹਿਲਾ ਤੇ 08 ਥਰਡ ਜੈਂਡਰ ਵੋਟਰ ਸ਼ਾਮਲ ਹਨ, ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੋਟਰਾਂ ਨੂੰ ਵੋਟਿੰਗ ਦਾ ਵਧੀਆ ਤਜਰਬਾ ਦੇਣ ਲਈ ਹਲਕੇ ਵਿੱਚ 10 ਮਾਡਲ ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਪੋਲਿੰਗ ਬੂਥ ਦਾ ਸੰਚਾਲਨ ਸਿਰਫ਼ ਮਹਿਲਾ ਸਟਾਫ਼ ਵੱਲੋਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਨਿਰਵਿਘਨ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ 872 ਪੋਲਿੰਗ ਸਟਾਫ਼ (ਰਿਜ਼ਰਵ ਸਮੇਤ) ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਪੋਲਿੰਗ ਪ੍ਰਕਿਰਿਆ ਸਬੰਧੀ ਵਿਸਥਾਰਪੂਰਵਕ ਸਿਖ਼ਲਾਈ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 96 ਮਾਈਕਰੋ ਆਬਜ਼ਰਵਰ (ਰਿਜ਼ਰਵ ਸਮੇਤ) ਵੀ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਜਾਣਗੇ।

ਡਾ. ਅਗਰਵਾਲ ਨੇ ਦੱਸਿਆ ਕਿ ਵੋਟਰਾਂ ਦੀ ਸੁਵਿਧਾ ਲਈ ਸਮੁੱਚੇ ਪੋਲਿੰਗ ਬੂਥਾਂ ’ਤੇ ਸਾਰੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਪੀਣ ਵਾਲਾ ਪਾਣੀ, ਛਾਂ, ਸ਼ਾਮਿਆਨੇ, ਛਬੀਲ ਆਦਿ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀਡਬਲਯੂਡੀ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਪੋਲਿੰਗ ਬੂਥਾਂ ’ਤੇ ਵੀਲ੍ਹ ਚੇਅਰਾਂ, ਰੈਂਪ, ਵਲੰਟੀਅਰ ਸਮੇਤ ਪਿੱਕ ਐਂਡ ਡਰਾਪ ਦੀ ਸਹੂਲਤ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੁਤੰਤਰ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਸਮੁੱਚੇ 181 ਪੋਲਿੰਗ ਬੂਥਾਂ ਦੀ ਵੈਬਕਾਸਟਿੰਗ ਕਰਵਾਈ ਜਾ ਰਹੀ ਹੈ, ਜਿਸ ਦੇ ਲਈ ਸਾਰੀਆਂ ਪੋਲਿੰਗ ਲੋਕੇਸ਼ਨਾਂ ’ਤੇ 218 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੈੱਬਕਾਸਟਿੰਗ ਦੀ ਨਜ਼ਰਸਾਨੀ ਲਈ ਆਰਓ ਪੱਧਰ ’ਤੇ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਅਤੇ ਡੀਈਓ ਪੱਧਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਚੋਣ ਦੌਰਾਨ ਪੈਸੇ ਦੀ ਤਾਕਤ, ਸ਼ਰਾਬ ਅਤੇ ਨਸ਼ੇ ਆਦਿ ਦੀ ਵਰਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਫਲਾਇੰਗ ਸਕੁਐਡ, ਸਟੈਟਿਕ ਸਰਵੀਲੈਂਸ ਟੀਮਾਂ ਤੋਂ ਇਲਾਵਾ ਹੋਰ ਨਿਗਰਾਨ ਟੀਮਾਂ ਰਾਹੀਂ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਕਿਸੇ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ 51 ਵਲਨਰੇਬਲ ਪੋਲਿੰਗ ਬੂਥ ਹਨ, ਜਿਥੇ ਮਾਈਕਰੋ ਆਬਜ਼ਰਵਰਾਂ ਦੇ ਨਾਲ-ਨਾਲ ਲੋੜੀਂਦਾ ਸੁਰੱਖਿਆ ਬਲ ਤਾਇਨਾਤ ਕੀਤਾ ਜਾਵੇਗਾ।

ਡਾ. ਅਗਰਵਾਲ ਨੇ ਇਹ ਦੱਸਿਆ ਕਿ ਸੀਈਓ ਪੰਜਾਬ ਦੀ ਪਹਿਲ ’ਤੇ ਵੋਟਰਾਂ ਦੀ ਸਹੂਲਤ ਲਈ ‘ਕਿਊ ਇਨਫਰਮੇਸ਼ਨ ਸਿਸਟਮ’ ਜਾਰੀ ਕੀਤਾ ਗਿਆ ਹੈ। ਇਸ ਤਹਿਤ ਵੋਟਰ ਵ੍ਹਟਸਐਪ ’ਤੇ 7447447217 ਨੂੰ ਸੇਵ ਕਰਕੇ ‘ਵੋਟ’ ਟਾਈਪ ਕਰ ਕੇ ਮੈਸੇਜ ਭੇਜ ਕੇ ਆਪਣੇ ਪੋਲਿੰਗ ਬੂਥ ’ਤੇ ਕਤਾਰ ਵਿੱਚ ਖੜ੍ਹੇ ਵੋਟਰਾਂ ਦੀ ਗਿਣਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਚੋਣ ਲਈ ਵੋਟਾਂ ਕੱਲ 10 ਜੁਲਾਈ (ਬੁੱਧਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਚੋਣ ਵਿੱਚ ਵਧ-ਚੜ੍ਹ ਕੇ ਭਾਗ ਲੈਂਦਿਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Previous articleEntertainment: ਪ੍ਰਭਾਸ-ਦੀਪਿਕਾ ਅਤੇ ‘ਬਿੱਗ ਬੀ’ ਦੀ ਤਿੱਕੜੀ ਦਾ ਜਾਦੂ ਕਾਇਮ, ‘ਕਲਕੀ 2898 AD’ ਪਹੁੰਚੀ 1000 ਕਰੋੜ ਦੇ ਕਰੀਬ
Next articleਚੰਡੀਗੜ੍ਹ ‘ਚ ‘ਆਪ’ ਨੂੰ ਮਜ਼ਬੂਤ ​​ਕਰਨ ਵਾਲੇ ਪ੍ਰਦੀਪ ਛਾਬੜਾ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

LEAVE A REPLY

Please enter your comment!
Please enter your name here