ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਲਗਾਤਾਰ ਸੁਰਖੀਆਂ ਬਣਿਆ ਹੋਇਆ ਹੈ।
ਜ਼ਿਲ੍ਹਾ ਲੁਧਿਆਣਾ ਦਾ ਲਾੋਡਵਾਲ ਟੋਲ ਪਲਾਜ਼ਾ ਸੂਬੇ ਦੇ ਸਾਰਿਆਂ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਸ ਟੋਲ ਪਲਾਜ਼ਾ ਦੇ ਖ਼ਿਲਾਫ਼ ਸਥਾਨਕਵਾਸੀ ਅਤੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ਵੱਲੋਂ ਪਲਾਜ਼ਾ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲਾਡੋਵਾਲ ਟੋਲ ਪਲਾਜ਼ਾ ਮਾਮਲੇ ਨੂੰ ਲੈ ਕੇ ਅੱਜ ਮੁੜ ਤੋਂ ਕਿਸਾਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ 4 ਵਜੇ ਰੱਖੀ ਗਈ ਹੈ। ਅੱਜ ਅਹਿਮ ਮੁੱਦਿਆਂ ਉੱਤੇ ਗੱਲਬਾਤ ਹੋ ਸਕਦੀ ਹੈ। ਦੋ ਦਿਨ ਪਹਿਲਾਂ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਦੇ ਅਧਿਕਾਰੀਆਂ ਤੋਂ ਜੋ ਡਾਕੂਮੈਂਟ ਮੰਗੇ ਗਏ ਸਨ ਉਹ ਅੱਜ ਪੇਸ਼ ਕੀਤੇ ਜਾ ਸਕਦੇ ਹਨ।
ਅਧਿਕਾਰੀਆਂ ਨੇ ਨਹੀਂ ਦਿਖਾਏ ਦਸਤਾਵੇਜ਼: ਇਸ ਤੋਂ ਪਹਿਲਾਂ ਹੋਈ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਸਾਡੇ ਨਾਲ ਬਿਠਾਏ ਗਏ ਸਨ, ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ। ਨੈਸ਼ਨਲ ਹਾਈਵੇ ਅਥਾਰਟੀ ਨੂੰ ਜਦੋਂ ਅਸੀਂ ਪੁੱਛਿਆ ਕਿ ਜੇਕਰ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈ ਤਾਂ ਤੁਸੀਂ ਵਿਖਾਓ, ਤਾਂ ਉਨ੍ਹਾਂ ਕੋਲ ਆਪਣੀ ਗੱਲ ਰੱਖਣ ਲਈ ਕੋਈ ਡਾਕੂਮੈਂਟ ਹੀ ਨਹੀਂ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਟੋਲ ਪਲਾਜ਼ਾ ਦੀ ਮਿਆਦ ਮੁੱਕ ਚੁੱਕੀ ਹੈ। ਇਸੇ ਕਰਕੇ NHAI ਅਧਿਕਾਰੀ ਕੋਈ ਵੀ ਦਸਤਾਵੇਜ਼ ਨਹੀਂ ਵਿਖਾ ਸਕੇ ਪਰ ਉਹਨਾਂ ਕਿਹਾ ਸੀ ਕਿ ਅਧਿਕਾਰੀਆਂ ਨੇ ਇਹ ਗੱਲ ਜ਼ਰੂਰ ਮੰਨੀ ਹੈ ਕਿ ਟੋਲ ਪਲਾਜ਼ਾ ‘ਤੇ ਸੁਵਿਧਾਵਾਂ ਦੀ ਕਮੀ ਹੈ, ਜਿਸ ਨੂੰ ਉਹਨਾਂ ਨੇ ਦਰੁੱਸਤ ਕਰਨ ਦੀ ਗੱਲ ਆਖੀ ਸੀ।
ਆਪਣੀ ਗੱਲ ‘ਤੇ ਅਟੱਲ: ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪੱਸ਼ਟ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਟੋਲ ਪਲਾਜ਼ਾ ਬੰਦ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਵਾਜਿਬ ਮੰਗ ਰੱਖਦੇ ਉਨ੍ਹਾਂ ਨੇ ਟੋਲ ਪਲਾਜ਼ਾ ਬੰਦ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 11 ਜੁਲਾਈ ਨੂੰ ਮੁੜ ਤੋਂ ਮੀਟਿੰਗ ਸੱਦੀ ਗਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈ ਤਾਂ ਅਸੀਂ ਆਪਣੀ ਗੱਲ ‘ਤੇ ਅਟੱਲ ਰਹਾਂਗੇ। ਜਦੋਂ ਤੱਕ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਉਦੋਂ ਤੱਕ ਅਸੀਂ ਹਾਈਵੇ ਅਥਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨ ਵਾਲੇ।