ਯਮੁਨਾ ਤੋਂ ਲੈ ਕੇ ਚੀਨ ਦੀਆਂ ਸਰਹੱਦਾਂ, ਦੱਰਾ ਖ਼ੈਬਰ ਤੱਕ ਖ਼ਾਲਸਾ ਰਾਜ ਦਾ ਝੰਡਾ ਲਹਿਰਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨਕਾਲ ਦੀਆਂ ਦੀਨਾਨਗਰ ’ਚ ਮੌਜੂਦ ਇਤਿਹਾਸਕ ਯਾਦਗਾਰਾਂ
ਯਮੁਨਾ ਤੋਂ ਲੈ ਕੇ ਚੀਨ ਦੀਆਂ ਸਰਹੱਦਾਂ, ਦੱਰਾ ਖ਼ੈਬਰ ਤੱਕ ਖ਼ਾਲਸਾ ਰਾਜ ਦਾ ਝੰਡਾ ਲਹਿਰਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨਕਾਲ ਦੀਆਂ ਦੀਨਾਨਗਰ ’ਚ ਮੌਜੂਦ ਇਤਿਹਾਸਕ ਯਾਦਗਾਰਾਂ ਸਰਕਾਰਾਂ ਦੀ ਅਣਦੇਖੀ ਕਾਰਨ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ।
ਸ਼ੇਰ-ਏ-ਪੰਜਾਬ ਦੀ ਗਰਮੀਆ ਦੀ ਰਾਜਧਾਨੀ ਰਹੇ ਦੀਨਾਨਗਰ ’ਚ ਖੰਡਰ ਬਣ ਰਹੀਆਂ ਇਨ੍ਹਾਂ ਇਤਿਹਾਸਕ ਇਮਾਰਤਾਂ ਨਾਲ ਆਪਣਿਆਂ ਨੇ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ। ਲੋਕਾਂ ਨੇ ਖ਼ਾਲਸਾ ਰਾਜ ਦੀਆਂ ਇਨ੍ਹਾਂ ਇਮਾਰਤਾਂ ਦੀ ਸਾਂਭ ਸੰਭਾਲ ਤਾਂ ਦੂਰ ਬਲਕਿ ਇਨ੍ਹਾਂ ਵੱਲ ਜਾਂਦੇ ਰਸਤੇ ਵੀ ਨਹੀਂ ਛੱਡੇ। ਇਹੀ ਕਾਰਨ ਹੈ ਕਿ ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਲਈ ਜਾਰੀ ਰਕਮ ਖ਼ਰਚਣ ’ਚ ਵੀ ਅਨੇਕਾਂ ਅੜਿੱਕੇ ਪੈਦਾ ਹੋ ਰਹੇ ਹਨ। ਇਸ ਵੇਲੇ ਇਹ ਸ਼ਾਹੀ ਇਮਾਰਤਾਂ ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ ’ਚ ਹਨ।
ਕਦੇ ਅੰਬਾਂ ਦੇ ਬਾਗਾਂ ਦੇ ਸ਼ਹਿਰ ਵਜੋਂ ਜਾਣਿਆਂ ਜਾਂਦਾ ਦੀਨਾਨਗਰ ਸਿੱਖ ਮਿਸਲਾਂ ਦੇ ਰਾਜ ਵੇਲੇ ਘਨੱਈਆ ਤੇ ਰਾਮਗੜ੍ਹੀਆ ਮਿਸਲਾਂ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ 1808 ’ਚ ਪਹਿਲਾਂ ਰਾਮਗੜ੍ਹੀਆ ਮਿਸਲ ਤੇ ਫਿਰ 1811 ’ਚ ਘਨੱਈਆ ਮਿਸਲ ਨੂੰ ਅਪਣੇ ਅਧੀਨ ਕਰ ਲੈਣ ਮਗਰੋਂ ਇਹ ਸ਼ਹਿਰ ਅਪਣੇ ਅਧੀਨ ਕਰ ਲਿਆ ਗਿਆ।
ਇੱਥੋਂ ਦੀ ਆਬੋ-ਹਵਾ ਪਸੰਦ ਆਉਣ ਕਾਰਨ ਤੇ ਅੰਬਾਂ ਦੇ ਸ਼ੌਕੀਣ ਹੋਣ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਨੂੰ ਗਰਮੀਆਂ ਦੀ ਰਾਜਧਾਨੀ ਬਣਾ ਲਿਆ ਤੇ ਇਸ ਤਰ੍ਹਾਂ ਇਹ ਸ਼ਹਿਰ ਸਿਆਸੀ ਸਰਗਰਮੀਆਂ ਦੇ ਕੇਂਦਰ ਬਣ ਗਿਆ। ਇਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਦੀਨਾਨਗਰ ਤੇ ਇਸਦੇ ਆਲੇ ਦੁਆਲੇ ਕਈ ਆਲੀਸ਼ਾਨ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਨ੍ਹਾਂ ’ਚ ਬਾਰਾਂਦਰੀ, ਵੈਨਤਰਾ ਹਾਊਸ, ਹਮਾਮ, ਸ਼ਿਵਾਲਾ, ਗਊਸ਼ਾਲਾ, ਅਸਤਬਲ ਤੇ ਫ਼ੌਜੀ ਠਹਿਰਾਓ ਲਈ ਤਿਆਰ ਕੀਤੀਆਂ ਗਈਆਂ ਇਮਾਰਤਾਂ ਸ਼ਾਮਲ ਸਨ।
ਇਹ ਇਮਾਰਤਾਂ ਯੂਰਪੀਅਨ ਤੇ ਮੁਗ਼ਲ ਕਲਾ ਦਾ ਸ਼ਾਨਦਾਰ ਸੁਮੇਲ ਸਨ, ਜੋ ਭੂਮੀਗਤ ਸੁਰੰਗਾਂ ਰਾਹੀਂ ਆਪਸ ’ਚ ਇਕ-ਦੂਜੇ ਨਾਲ ਜੁੜਦੀਆਂ ਸਨ। ਹੁਣ ਭਾਵੇਂ ਸਮੇਂ ਦੇ ਨਾਲ-ਨਾਲ ਇਹ ਸੁਰੰਗਾਂ ਜਮੀਨਦੋਜ਼ ਹੋ ਗਈਆਂ ਹਨ, ਪਰ ਕੁਝ ਕੁ ਥਾਵਾਂ ’ਤੇ ਇਹਨਾਂ ਸੁਰੰਗਾਂ ਦੇ ਮੁਹਾਨੇ ਅੱਜ ਵੀ ਮੌਜੂਦ ਹਨ। ਪਰ ਅੱਜ ਕਿਸੇ ਇਮਾਰਤ ’ਚ ਸਕੂਲ ਤੇ ਕਿਸੇ ’ਚ ਪੁਲਿਸ ਸਟੇਸ਼ਨ ਚੱਲ ਰਿਹਾ ਹੈ।
ਕੁਝ ਇਮਾਰਤਾਂ ’ਤੇ ਲੋਕਾਂ ਦਾ ਕਬਜ਼ਾ ਹੈ। ਇਨ੍ਹਾਂ ਸਾਰੀਆਂ ਇਮਾਰਤਾਂ ’ਚੋਂ ਸਭ ਤੋਂ ਅਹਿਮ ਬਾਰਾਂਦਰੀ ਹੈ। ਇਹ ਉਹ ਥਾਂ ਹੈ ਜਿੱਥੇ ਕਦੇ ਗਰਮੀਆਂ ਦੇ ਦਿਨਾਂ ’ਚ ਦੋ ਮਹੀਨੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ। ਪਰ ਅੱਜ ਹਾਲਤ ਇਹ ਹੈ ਕਿ ਬਾਰਾਂਦਰੀ ਆਪ ਤਾਂ ਖੰਡਰ ਬਣ ਚੁੱਕੀ ਹੈ ਤੇ ਇੱਥੋਂ ਤੱਕ ਜਾਣ ਲਈ ਰਸਤਾ ਵੀ ਲੋਕਾਂ ਨੇ ਨਹੀਂ ਛੱਡਿਆ।
ਇਸ ਦੇ ਆਲੇ-ਦੁਆਲੇ 46 ਕਨਾਲ 15 ਮਰਲੇ ਕਰਬੇ ਅੰਦਰ ਅੰਬਾਂ ਦਾ ਵੱਡਾ ਬਾਗ਼ ਸੀ। ਪਰ ਦੇਸ਼ ਦੀ ਵੰਡ ਮਗਰੋਂ ਪਤਾ ਨਹੀਂ ਕਿਸ ਤਰੀਕੇ ਬਾਗ਼ ਦਾ ਇਹ ਰਕਬਾ ਇਕ ਰਈਸ ਪਰਿਵਾਰ ਕੋਲ ਚਲਾ ਗਿਆ।
ਡਾਕ ਬੰਗਲੇ ਨੂੰ ਹੀ ਨਸੀਬ ਹੈ ਛੱਤ
ਵੈਨਤਰਾ ਹਾਊਸ, ਜਿਸਨੂੰ ਡਾਕਬੰਗਲਾ ਕਿਹਾ ਜਾਂਦਾ ਸੀ, ਇੱਕੋ ਇੱਕ ਇਮਾਰਤ ਹੈ ਜਿਸਨੂੰ ਛੱਤ ਨਸੀਬ ਹੋ ਸਕੀ। ਇਸ ਇਮਾਰਤ ’ਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ’ਚ ਗੁਰਦੁਆਰਾ ਸਾਹਿਬ ਸਥਾਪਿਤ ਹੈ। ਇਸ ਇਮਾਰਤ ’ਤੇ ਉਕਰੇ ‘ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੇ ਸ਼ਬਦ ਇਸ ਥਾਂ ਦੀ ਇਤਿਹਾਸਕਤਾ ਦਾ ਅਹਿਸਾਸ ਕਰਵਾਉਂਦੇ ਹਨ।
ਕਈ ਅਹਿਮ ਫ਼ੈਸਲਿਆਂ ਦਾ ਗਵਾਹ ਹੈ ਦੀਨਾਨਗਰ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਕਈ ਅਹਿਮ ਫ਼ੈਸਲੇ ਇਸੇ ਸ਼ਹਿਰ ’ਚ ਹੋਏ। ਇਨ੍ਹਾਂ ’ਚ ਕਸ਼ਮੀਰ ’ਤੇ ਚੜ੍ਹਾਈ ਤੋਂ ਪਹਿਲਾਂ ਹਮਲੇ ਦੀ ਰੂਪ ਰੇਖਾ ਤਿਆਰ ਕਰਨਾ, ਅਕਤੂਬਰ 1831 ’ਚ ਰੋਪੜ ਵਿਖੇ ਲਾਰਡ ਵਿਲੀਅਮ ਬੈਂਟੇਕ ਨੇ ਮੁਲਾਕਾਤ ਦਾ ਫ਼ੈਸਲਾ ਤੇ ਮੈਕਨਾਟਨ ਮਿਸ਼ਨ ਨਾਲ ਸ਼ਾਹ ਸੁਜਾ ਨੂੰ ਅਫ਼ਗਾਨਿਸਤਾਨ ਦਾ ਉੱਤਰਾਧਿਕਾਰੀ ਬਣਾਉਣ ਬਾਰੇ ਫੈਸਲੇ ਸ਼ਾਮਿਲ ਹਨ। ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਆਖ਼ਰੀ ਦਰਬਾਰ ਉਹਨਾਂ ਦੇ ਅਕਾਲ ਚਲਾਣੇ ਤੋਂ ਇਕ ਸਾਲ ਪਹਿਲਾਂ 1838 ’ਚ ਲੱਗਾ ਸੀ।
ਪੁਰਾਸਾਰੀ ਵਿਭਾਗ ਨੇ ਕੋਸ਼ਿਸ਼ ਤਾਂ ਕੀਤੀ ਪਰ ਅਪਣੇ ਹੀ ਦਗਾ ਕਮਾਉਂਦੇ ਰਹੇ
ਸਮੇਂ ਦੀਆਂ ਸਰਕਾਰਾਂ ਵੱਲੋਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਦੇ ਐਲਾਨ ਤਾਂ ਕੀਤੇ ਜਾਂਦੇ ਰਹੇ ਪਰ ਸਥਾਨਕ ਲੋਕਾਂ ਦੀ ਅਣਦੇਖੀ ਕਾਰਨ ਇਨ੍ਹਾਂ ਦੀ ਸਾਰ ਨਾ ਲਈ ਜਾ ਸਕੀ। ਪੁਰਾਸਾਰੀ ਵਿਭਾਗ ਨੇ ਸਾਲ 2010 ’ਚ ਬਾਰਾਂਦਰੀ, ਸਮੇਤ ਕੁਝ ਹੋਰ ਇਮਾਰਤਾਂ ਨੂੰ ਸੁਰੱਖਿਅਤ ਐਲਾਨ ਦਿੱਤਾ ਸੀ ਪਰ ਲੋਕਾਂ ਨੇ ਇਸ ਪ੍ਰਤੀ ਸੰਜੀਦਗੀ ਨਹੀਂ ਵਿਖਾਈ। ਇਹੀ ਕਾਰਨ ਹੈ ਕਿ ਮੌਜੂਦਾ ਸਰਕਾਰ ਵੱਲੋਂ ਬਾਰਾਂਦਰੀ ਦੀ ਸਾਂਭ ਸੰਭਾਲ ਲਈ ਜਾਰੀ ਕੀਤਾ ਗਿਆ 1.60 ਕਰੋੜ ਰੁਪਿਆ ਵੀ ਨਹੀਂ ਖ਼ਰਚ ਕੀਤਾ ਜਾ ਸਕਿਆ।
ਸੰਤ ਸੀਚੇਵਾਲ ਕੋਲ ਉਠਾਇਆ ਮਾਮਲਾ : ਹਰਪੁਰਾ
ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਦੀ ਸਾਂਭ ਸੰਭਾਲ ਲਈ ਵਿਰਾਸਤੀ ਮੰਚ ਬਟਾਲਾ ਲਗਾਤਾਰ ਯਤਨਸ਼ੀਲ ਹੈ। ਇਸ ਸੰਸਥਾ ਦੇ ਆਗੂ ਨੇ ਬਾਰਾਂਦਰੀ ’ਤੇ ਕਬਜ਼ੇ ਖ਼ਿਲਾਫ਼ ਕੋਰਟ ’ਚ ਕੇਸ ਦੀ ਪੈਰਵੀ ਕੀਤੀ। ਕੋਰਟ ਤੋਂ ਆਏ ਫ਼ੈਸਲੇ ਨੇ ਕੁਝ ਉਮੀਦ ਜਗਾਈ ਹੈ। ਸੰਸਥਾ ਦੇ ਆਗੂ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਦੀ ਇਹ ਦੁਰਦਸ਼ਾ ਹੋਣੀ ਸਾਡੇ ਸਾਰਿਆਂ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਉਨ੍ਹਾਂ ਦੇ ਮੰਚ ਨੇ ਇਸ ਵਿਰਾਸਤ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਇਸ ਤੋਂ ਇਲਾਵਾ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਰੱਖਣਗੇ ਤੇ ਰਾਜ ਸਭਾ ’ਚ ਵੀ ਮੁੱਦਾ ਉਠਾਉਣਗੇ।
ਬਾਰਾਂਦਰੀ ਦੀ ਕਾਇਆ ਕਲਪ ਲਈ ਸਰਕਾਰ ਗੰਭੀਰ : ਸ਼ਮਸ਼ੇਰ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਹਾਨ ਨਾਇਕਾਂ ਦੀਆਂ ਵਿਰਾਸਤੀ ਯਾਦਗਾਰਾਂ ਦੀ ਸੰਭਾਲ ਕਰਨ ਪ੍ਰਤੀ ਗੰਭੀਰ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਦੀ ਸਾਂਭ ਸੰਭਾਲ ਲਈ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਪੱਤਰ ਲਿਖਣਗੇ।