ਭਾਰਤ ਨੇ ਐਤਵਾਰ ਨੂੰ ਖੇਡੇ ਗਏ 5ਵੇਂ ਅਤੇ ਆਖਰੀ ਟੀ-20 ਮੈਚ ‘ਚ ਜ਼ਿੰਬਾਬਵੇ ‘ਤੇ 42 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਐਤਵਾਰ ਨੂੰ ਖੇਡੇ ਗਏ 5ਵੇਂ ਟੀ-20 ਮੈਚ ‘ਚ ਭਾਰਤ ਨੇ ਜ਼ਿੰਬਾਬਵੇ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਦਿੱਤੇ 168 ਦੌੜਾਂ ਦੇ ਜਵਾਬ ‘ਚ ਜ਼ਿੰਬਾਬਵੇ ਦੀ ਪੂਰੀ ਟੀਮ 18.3 ਓਵਰਾਂ ‘ਚ ਸਿਰਫ 125 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਈ ਅਤੇ 42 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਤੇ 4-1 ਨਾਲ ਕਬਜ਼ਾ ਕਰ ਲਿਆ ਹੈ।
ਭਾਰਤ ਨੇ 5ਵਾਂ ਟੀ-20 ਮੈਚ 42 ਦੌੜਾਂ ਨਾਲ ਜਿੱਤਿਆ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੰਜੂ ਸੈਮਸਨ (58) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਜ਼ਿੰਬਾਬਵੇ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੂੰ 18.3 ਓਵਰਾਂ ‘ਚ ਸਿਰਫ 125 ਦੌੜਾਂ ਦੇ ਸਕੋਰ ‘ਤੇ ਆਲ ਆਊਟ ਕਰ ਦਿੱਤਾ। ਭਾਰਤ ਲਈ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ਵੀ 2 ਸਫਲਤਾ ਮਿਲੀ।
ਭਾਰਤ ਨੇ ਸੀਰੀਜ਼ ‘ਤੇ 4-1 ਨਾਲ ਕੀਤਾ ਕਬਜ਼ਾ: ਜ਼ਿੰਬਾਬਵੇ ਖਿਲਾਫ 5ਵੇਂ ਮੈਚ ‘ਚ ਸ਼ਾਨਦਾਰ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ 4-1 ਨਾਲ ਜਿੱਤ ਲਈ ਹੈ। ਭਾਰਤ ਨੂੰ ਪਹਿਲੇ ਮੈਚ ਵਿੱਚ ਜ਼ਿੰਬਾਬਵੇ ਹੱਥੋਂ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਚਾਰੇ ਮੈਚ ਜਿੱਤ ਲਏ। ਭਾਰਤ ਨੇ ਦੂਜੇ ਟੀ-20 ਵਿੱਚ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ। ਤੀਜਾ ਟੀ-20 23 ਦੌੜਾਂ ਨਾਲ ਜਿੱਤਿਆ। ਫਿਰ ਚੌਥੇ ਟੀ-20 ਮੈਚ ਵਿੱਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਟੀ-20 ਮੈਚ 42 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-1 ਨਾਲ ਜਿੱਤ ਲਈ।