ਹਾਲਾਂਕਿ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਅੱਧਾ ਦਰਜਨ ਦੇ ਕਰੀਬ ਮੰਤਰੀਆਂ ਨੂੰ ਬਦਲਿਆ ਜਾ ਸਕਦਾ ਹੈ।
ਲਗਪਗ ਇਹ ਤੈਅ ਹੋ ਗਿਆ ਹੈ ਕਿ ਮਾਨ ਵਜ਼ਾਰਤ ਵਿਚ ਜ਼ਲਦ ਹੀ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ ਅਤੇ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਆਗਾਮੀ ਚਾਰ ਜ਼ਿਮਨੀ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੰਤਰੀ ਮੰਡਲ ਵਿਚ ਬਦਲਾਅ ਨੂੰ ਲੈ ਕੇ ਪੈਂਤੜਾ ਬਦਲ ਲਿਆ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਤੇ ਪਾਰਟੀ ਵਾਅਦੇ ਮੁਤਾਬਿਕ ਫਿਲਹਾਲ ਸਿਰਫ਼ ਇਕ ਮੰਤਰੀ ਬਣਾਉਣਾ ਚਾਹੁੰਦੀ ਹੈ।
ਜ਼ਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਜਿਤ ਹਾਸਲ ਕਰਨ ਵਾਲੇ ਮੋਹਿੰਦਰ ਭਗਤ ਨੂੰ ਮਾਨ ਵਜ਼ਾਰਤ ਵਿਚ ਥਾਂ ਮਿਲਣ ਦੀ ਪੂਰੀ ਸੰਭਾਵਨਾ ਹੈ ਕਿਉਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਦੌਰਾਨ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ।
ਮੁੱਖ ਮੰਤਰੀ ਇਸ ਵਾਅਦੇ ਨੂੰ ਪੂਰਾ ਕਰਕੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਜਲਦ ਹੀ ਸਰਕਾਰ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਮੋਹਿੰਦਰ ਭਗਤ ਨੂੰ ਸਹੁੰ ਚੁਕਾਉਣ ਦਾ ਸਮਾਂ ਲਵੇਗੀ।
ਹਾਲਾਂਕਿ ਮੋਹਿੰਦਰ ਭਗਤ ਨੇ ਵਿਧਾਇਕ ਵਜੋਂ ਸਹੁੰ ਨਹੀਂ ਚੁੱਕੀ ,ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਪਹਿਲਾਂ ਸਪੀਕਰ ਕੋਲੋ ਵਿਧਾਇਕ ਦੇ ਅਹੁਦੇ ਦੀ ਸਹੁੰ ਚੁਕਾ ਲਈ ਜਾਵੇ।
ਆਲਾ ਮਿਆਰੀ ਸੂਤਰ ਦੱਸਦੇ ਹਨ ਕਿ ਮੋਹਿੰਦਰ ਭਗਤ ਨੂੰ ਹਰ ਹਾਲਤ ਵਿਚ ਮੰਤਰੀ ਵਜੋਂ ਸਹੁੰ ਚੁਕਾਈ ਜਾਣੀ ਹੈ ਕਿਉਂਕਿ ਉਸਨੂੰ ਮੰਤਰੀ ਨਾ ਬਣਾਇਆ ਗਿਆ ਤਾਂ ਅਗਾਮੀ ਚਾਰ ਜ਼ਿਮਨੀ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਉਠਾਉਣਾ ਪੈ ਸਕਦਾ।
ਇਸ ਲਈ ਪਾਰਟੀ ਹਾਈਕਮਾਨ ਤੇ ਮੁੱਖ ਮੰਤਰੀ ਚਾਹੁੰਦੇ ਹਨ ਕਿ ਇਕ ਮੰਤਰੀ ਨੂੰ ਸਹੁੰ ਚੁਕਾ ਦਿੱਤੀ ਜਾਵੇ ਤੇ ਅਗਲੀਆਂ ਚਾਰ ਜ਼ਿਮਨੀ ਚੋਣਾਂ ਵਿਚ ਸਬੰਧਤ ਹਲਕੇ ਦੇ ਲੋਕਾਂ ਨਾਲ ਵੀ ਮੁੱਖ ਮੰਤਰੀ ਇਹ ਵਾਅਦਾ ਕਰ ਸਕਦੇ ਹਨ ਕਿ ਜੇਕਰ ਉਹ ਆਪਣੇ ਹਲਕੇ ਵਿਚ ਮੰਤਰੀ ਚਾਹੁੰਦੇ ਹਨ ਤਾਂ ਆਪਣਾ ਵਿਧਾਇਕ ਜਿਤਾਉਣ। ਇਸ ਨਾਲ ਆਪ ਨੂੰ ਲੜਾਈ ਲੜਨੀ ਬਹੁਤ ਸੌਖੀ ਹੋ ਜਾਵੇਗੀ।
ਪਾਰਟੀ ਨੂੰ ਉਮੀਦ ਹੈ ਕਿ ਚਾਰ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਕਾਰਨ ਖਾਲੀ ਹੋਈਆਂ ਸੀਟਾਂ ’ਤੇ ਕਦੇ ਵੀ ਜ਼ਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ। ਚੋਣ ਕਮਿਸ਼ਨ ਅਕਤੂਬਰ ਵਿਚ ਹਰਿਆਣਾ ਵਿਧਾਨ ਸਭਾ ਦੀਆ ਹੋਣ ਵਾਲੀਆਂ ਚੋਣਾਂ ਦੇ ਨਾਲ ਵੀ ਜ਼ਿਮਨੀ ਚੋਣਾਂ ਦਾ ਐਲਾਨ ਕਰ ਸਕਦੇ ਹਨ। ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣੀ ਹੈ।
ਆਪ ਇਨ੍ਹਾਂ ਸੀਟਾਂ ‘ਤੇ ਜਲੰਧਰ ਜ਼ਿਮਨੀ ਚੋਣ ਪ੍ਰਚਾਰ ਵਾਲਾ ਤੁਰਤ ਦਾ ਪੱਤਾ ਖੇਡਣਾ ਚਾਹੁੰਦੀ ਹੈ। ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣ ਤੋਂ ਬਾਅਦ ਵੀ ਮੰਤਰੀ ਮੰਡਲ ਵਿੱਚ ਦੋ ਸੀਟਾਂ ਖਾਲੀ ਰਹਿਣਗੀਆਂ, ਇਸ ਤਰ੍ਹਾਂ ਪਾਰਟੀ ਦਾਅਵਾ ਕਰੇਗੀ ਜਿਸ ਹਲਕੇ ਦਾ ਉਮੀਦਵਾਰ ਸਭ ਤੋਂ ਵੱਧ ਫਰਕ ਨਾਲ ਜਿੱਤੇਗਾ, ਉਸ ਨੂੰ ਮੰਤਰੀ ਮੰਡਲ ਵਿਚ ਸਥਾਨ ਦਿੱਤਾ ਜਾਵੇਗਾ।
ਹਾਲਾਂਕਿ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਅੱਧਾ ਦਰਜਨ ਦੇ ਕਰੀਬ ਮੰਤਰੀਆਂ ਨੂੰ ਬਦਲਿਆ ਜਾ ਸਕਦਾ ਹੈ। ਜਿਸ ਕਰਕੇ ਪਿਛਲੇ ਸਮੇਂ ਦੌਰਾਨ ਚਰਚਾ ਵਿਚ ਆਏ ਕਈ ਮੰਤਰੀਆਂ ਨੂੰ ਬਦਲਣ ਦਾ ਡਰ ਸਤਾ ਰਿਹਾ ਹੈ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮੁੱਖ ਮੰਤਰੀ ਆਪਣੀ ਵਜ਼ਾਰਤ ਵਿਚ ਇਕ ਮੰਤਰੀ ਨੂੰ ਸਹੁੰ ਚਕਾਉਣਗੇ ਜਾਂ ਫਿਰ ਮੰਤਰੀ ਮੰਡਲ ਵਿਚ ਬਦਲਾਅ ਕਰਦੇ ਹਨ।