ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ’ਚ ਚੱਲੀਆਂ ਕਿਰਪਾਨਾਂ
ਮੰਗਲਵਾਰ ਦੁਪਹਿਰ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਨਿਹੰਗ ਬਾਣੇ ਵਿਚ ਆਏ 5 ਵਿਅਕਤੀਆਂ ਨੇ ਲੰਗਰ ਵਰਤਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਖੰਡੇ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿਤਾ। ਹਮਲੇ ’ਚ ਤਿੰਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਲੰਗਰ ਹਾਲ ਵਿਖੇ ਕੁੱਝ ਵਿਅਕਤੀ ਨਿਹੰਗ ਬਾਣੇ ਵਿਚ ਆਏ ਤੇ ਸੇਵਾਦਾਰ ਨਾਲ ਬਹਿਸ ਕਰਨ ਲੱਗੇ। ਸੇਵਾਦਾਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤਖ਼ਤ ਸਾਹਿਬ ਦਾ ਲੰਗਰ ਹਾਲ ਹੈ, ਆਰਾਮ ਨਾਲ ਗੱਲ ਕਰੋ ਪਰ ਉਨ੍ਹਾਂ ਨੇ ਖੰਡੇ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ।
ਜਦੋਂ ਉਨ੍ਹਾਂ ਨੂੰ ਹੋਰ ਮੁਲਾਜ਼ਮ ਛੁਡਾਉਣ ਲੱਗੇ ਤਾਂ ਨਿਹੰਗ ਬਾਣੇ ਵਿਚ ਆਏ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਤਿੰਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਦੋ ਵਿਅਕਤੀ ਫਰਾਰ ਹੋ ਗਏ।
ਜ਼ਖ਼ਮੀ ਹੋਏ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਮੱਖਣ ਸਿੰਘ, ਰਤਨ ਸਿੰਘ ਅਤੇ ਭਗਵੰਤ ਸਿੰਘ ਪਿਛਲੇ ਕਾਫੀ ਸਮੇ ਤੋਂ ਲੰਗਰ ਵਿਚ ਸੇਵਾਵਾਂ ਨਿਭਾਅ ਰਹੇ ਹਨ। ਮੱਖਣ ਸਿੰਘ ਦੀ ਬਾਂਹ ’ਤੇ ਡੂੰਘਾ ਫੱਟ ਲੱਗਿਆ ਹੈ ਜਿਸ ਨੂੰ ਟਾਂਕੇ ਲਗਾ ਕੇ ਇਲਾਜ ਅਰੰਭਿਆ ਗਿਆ ਹੈ।
ਚੌਂਕੀ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਲੀਪ ਸਿੰਘ ਪੁੱਤਰ ਜਸਬੀਰ ਸਿੰਘ ਅਮ੍ਰਿੰਤਸਰ, ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਗੁਰਦਾਸਪੁਰ ਤੇ ਹਰਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਨੇੜੇ ਪਿਪਲੀ ਸਾਹਿਬ ਨੂੰ ਕਾਬੂ ਕਰ ਹੈ ਅਤੇ ਦੋ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਨਿਹੰਗ ਬਾਣੇ ’ਚ ਦੋ ਵਿਅਕਤੀ ਸਨ ਸਿਰੋਂ ਮੋਨੇ : ਮੈਨੇਜਰ
ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ 5 ਨਿਹੰਗ ਸਿੰਘ ਬਾਣੇ ਵਿਚ ਆਏ ਵਿਅਕਤੀਆਂ ਨੇ ਹਮਲਾ ਕੀਤਾ ਉਨ੍ਹਾਂ ਵਿਚੋਂ ਦੋ ਨਿਹੰਗ ਬਾਣੇ ਵਾਲੇ ਸਿਰੋਂ ਮੋਨੇ ਸਨ। ਉਨ੍ਹਾਂ ਕਿਹਾ ਪੁਲਿਸ ਨੂੰ ਇਸ ਸਬੰਧੀ ਪੂਰੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਕੌਣ ਵਿਅਕਤੀ ਹਨ ਜੋ ਨਿਹੰਗ ਬਾਣਾ ਪਾ ਕੇ ਬਦਨਾਮੀ ਦਾ ਕਾਰਨ ਬਣ ਰਹੇ ਹਨ।