ਫਿਲਹਾਲ ਸਥਿਤੀ ਕੰਟਰੋਲ ਵਿਚ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਾਲਾਤ ਕਿਹੋ ਜਿਹੇ ਬਣਦੇ ਹਨ ਇਹ ਸਮੇ ‘ਤੇ ਨਿਰਭਰ ਹੈ ।
ਅਬੋਹਰ ਦਾ ਨਰਮਾ ਕਾਸ਼ਤਕਾਰ ਬੇਹੱਦ ਚਿੰਤਾ ਵਿਚ ਨਜ਼ਰ ਆ ਰਿਹਾ ਹੈ । ਚਿੰਤਾ ਦਾ ਕਾਰਨ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੀ ਦਸਤਕ ਹੈ । ਕਿਸੇ ਸਮੇਂ ਇਲਾਕਾ ਅਬੋਹਰ ਦਾ ਵੱਡਾ ਰਕਬਾ ਨਰਮੇ / ਕਪਾਹ ਹੇਠ ਰਿਹਾ ਹੈ ਪਰ ਲਗਾਤਾਰ ਇਹ ਰਕਬਾ ਘਟਦਾ ਰਿਹਾ ਤੇ ਅੱਜ ਹਾਲਾਤ ਇਹ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਰਮੇ/ ਕਪਾਹ ਹੇਠ ਰਕਬਾ 50 ਫੀਸਦੀ ਘੱਟ ਗਿਆ ਹੈ । ਇਹ ਆਂਕੜੇ ਸਰਕਾਰੀ ਹਨ ਜਦਕਿ ਰਕਬਾ ਇਸਤੋਂ ਵੀ ਕਿਤੇ ਵੱਧ ਹੈ ।
ਜੇਕਰ ਗੱਲ ਪਿੰਡ ਬਹਾਦਰ ਖੇੜਾ ਦੀ ਕੀਤੀ ਜਾਵੇ ਤਾਂ ਇਕੱਲੇ ਇਸ ਪਿੰਡ ਵਿਚ ਨਰਮਾ ਕਾਸ਼ਤਕਾਰਾਂ ਨੇ ਇਸ ਸਾਲ ਨਰਮੇ/ਕਪਾਹ ਦੀ ਬਿਜਾਈ ਕੀਤੀ ਹੀ ਨਹੀਂ ਤੇ ਜੇਕਰ ਜਿਨ੍ਹਾਂ ਨੇ ਕੀਤੀ ਉਹ ਉਸਨੂੰ ਪੁੱਟਣ ਦੀ ਤਿਆਰੀ ਵਿਚ ਹਨ ।
ਪਿੰਡ ਦੇ ਕਿਸਾਨ ਧਰਮਪਾਲ ਗਿੱਲਾ , ਸਰਬਜੀਤ ਸਿੰਘ ਪੰਨੂ ਦਾ ਕਹਿਣਾ ਹੈ ਕਿ ਲਗਾਤਾਰ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀ ਹਾਲਤ ਖਰਾਬ ਕੀਤੀ ਹੋਈ ਹੈ । ਇਸ ਸਾਲ ਵੀ ਥੋੜੇ ਜਿਹੇ ਰਕਬੇ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਪਰ ਗੁਲਾਬੀ ਸੁੰਡੀ ਦੇ ਹਮਲੇ ਨੇ ਉਨ੍ਹਾਂ ਨੂੰ ਨਰਮਾ ਪੁੱਟਣ ਲਈ ਮਜਬੂਰ ਕਰ ਦਿੱਤਾ ਹੈ । ਮੌਸਮ ਦੀ ਮਾਰ ਅਤੇ ਨਹਿਰੀ ਪਾਣੀ ਦੀ ਕਮੀ ਵੀ ਇੱਕ ਵੱਡਾ ਕਾਰਨ ਹੈ ਕਿ ਨਰਮੇ ਤੋ ਕਿਸਾਨਾਂ ਦਾ ਮੋਹ ਭੰਗ ਹੋ ਰਿਹਾ ਹੈ । ਆਰਥਿਕ ਹਾਲਤ ਵਿਗੜਦੇ ਜਾ ਰਹੇ ਹਨ ਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਨਾ ਸਬਸਿਡੀ ਦੀ ਲੋੜ ਹੈ ਨਾ ਹੀ ਸਰਕਾਰ ਦੇ 6 ਹਜਾਰ ਰੁਪਏ ਸਾਲਾਨਾ ਦੀ , ਲੋੜ ਹੈ ਤਾਂ ਸਿਰਫ ਚੰਗੇ ਮਿਆਰੀ ਬੀਜਾਂ, ਫਸਲ ਦੇ ਭਾਅ ਅਤੇ ਚੰਗੀਆਂ ਖਾਦਾਂ ਤੇ ਕੀਟਨਾਸ਼ਕਾਂ ਦੀ ਹੈ ।
ਅਬੋਹਰ ਖੇਤੀਬਾੜੀ ਮਹਿਕਮੇ ਦੇ ਖੇਤੀਬਾੜੀ ਅਫਸਰ ਸੁੰਦਰ ਲਾਲ ਕਹਿੰਦੇ ਹਨ ਕਿ ਫਿਲਹਾਲ ਇਲਾਕਾ ਅਬੋਹਰ ਵਿਚ ਗੁਲਾਬੀ ਸੁੰਡੀ ਦੇ ਹਮਲੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ । ਉਨ੍ਹਾਂ ਕਿਹਾ ਕਿ ਮਹਿਕਮਾ ਲਗਾਤਾਰ ਕਿਸਾਨਾਂ ਨਾਲ ਰਾਬਤਾ ਬਣਾਏ ਹੋਏ ਹੈ ਅਤੇ ਖੇਤਾਂ ਦਾ ਦੌਰਾ ਕਰ ਰਿਹਾ ਹੈ । ਕਿਸਾਨਾਂ ਦੇ ਦਿਲਾਂ ਵਿਚ ਪਿਛਲੇ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਡਰ ਬੈਠਿਆ ਹੋਇਆ ਹੈ ਤੇ ਜੋ ਕਿਸਾਨ ਨਰਮੇ ਦੀ ਫਸਲ ਵਾਹ ਰਿਹਾ ਹੈ ਇਹ ਉਸਦਾ ਹੀ ਕਾਰਨ ਹੈ ਕਿ ਕਿਤੇ ਗੁਲਾਬੀ ਸੁੰਡੀ ਫਸਲ ਬਰਬਾਦ ਨਾ ਕਰ ਦੇਵੇ । ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਵਿਚ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਾਲਾਤ ਕਿਹੋਜਿਹੇ ਬਣਦੇ ਹਨ ਇਹ ਸਮੇ ‘ਤੇ ਨਿਰਭਰ ਹੈ ।