ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਖ਼ੂਬਸੂਰਤ ਸਕੈਚ ਸ਼ੇਅਰ ਕੀਤਾ ਹੈ
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਖ਼ੂਬਸੂਰਤ ਸਕੈਚ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਖ਼ਾਸ ਤਰੀਕੇ ਨਾਲ ਆਪਣੀ ਮਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਸਕੈਚ ਵਿਚ ਰਵਿੰਦਰ ਜਡੇਜਾ ਆਪਣੇ ਹੱਥ ਵਿਚ ਟੀ-20 ਵਿਸ਼ਵ ਕੱਪ 2024 ਦੀ ਟਰਾਫੀ ਫੜੀ ਆਪਣੀ ਮਾਂ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਜਡੇਜਾ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਨੇ ਫਾਈਨਲ ਮੈਚ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਟਰਾਫੀ ਜਿੱਤੀ ਸੀ।
ਮਾਂ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਸ਼ਰਧਾਂਜਲੀ
ਦਰਅਸਲ ਰਵਿੰਦਰ ਜਡੇਜਾ ਨੇ ਸਾਲ 2005 ‘ਚ ਆਪਣੀ ਮਾਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਸੀ। ਉਸ ਸਮੇਂ ਜਡੇਜਾ ਦੀ ਉਮਰ 17 ਸਾਲ ਸੀ ਅਤੇ ਉਹ ਭਾਰਤ ਦੀ ਅੰਡਰ-19 ਟੀਮ ਦਾ ਹਿੱਸਾ ਸੀ। ਭਾਰਤ ਵੱਲੋਂ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਜਡੇਜਾ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਅੱਜ ਮੈਂ ਜੋ ਵੀ ਮੈਦਾਨ ਵਿਚ ਕਰ ਰਿਹਾ ਹਾਂ, ਉਹ ਤੁਹਾਨੂੰ ਸ਼ਰਧਾਂਜਲੀ ਹੈ ਮਾਂ।
ਜਡੇਜਾ ਨੇ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਟੀ-20 ਤੋਂ ਲਿਆ ਸੰਨਿਆਸ
ਭਾਰਤ ਨੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਟੀ-20 ਆਈ ਤੋਂ ਸੰਨਿਆਸ ਲੈ ਲਿਆ। ਉਨ੍ਹਾਂ ਨੇ ਭਾਵੁਕ ਪੋਸਟ ਸ਼ੇਅਰ ਕੀਤੀ ਸੀ ਕਿ ਇਹ ਜਿੱਤ ਉਨ੍ਹਾਂ ਦੇ ਕਰੀਅਰ ਦੀ ‘ਸਿਖਰ’ ਸੀ।
ਜਡੇਜਾ ਨੇ ਅੱਗੇ ਲਿਖਿਆ ਕਿ ਮੈਂ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿੰਦਾ ਹਾਂ। ਮਾਣ ਨਾਲ ਦੌੜਦੇ ਘੋੜੇ ਵਾਂਗ ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਹੋਰ ਫਾਰਮੈਟਾਂ ਵਿਚ ਵੀ ਅਜਿਹਾ ਕਰਦਾ ਰਹਾਂਗਾ। ਟੀ-20 ਵਿਸ਼ਵ ਕੱਪ ਜਿੱਤਣਾ ਸੁਪਨਾ ਸੀ, ਜੋ ਮੇਰੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ ਸੀ। ਯਾਦਾਂ, ਖੁਸ਼ੀ ਅਤੇ ਅਟੁੱਟ ਸਮਰਥਨ ਲਈ ਧੰਨਵਾਦ।
ਜਡੇਜਾ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ 2009 ਤੋਂ ਹੁਣ ਤਕ ਉਸ ਨੇ 74 ਟੀ-20 ਮੈਚ ਖੇਡਦਿਆਂ ਕੁੱਲ 515 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਔਸਤ 21 ਰਹੀ। ਇਸ ਦੌਰਾਨ ਉਸ ਨੇ ਕੁੱਲ 54 ਵਿਕਟਾਂ ਲਈਆਂ।